ਹਲਕਾ ਅਮਰਗੜ੍ਹ ਦੇ ਅੰਦਰ ਧੜੇਬੰਦੀ ਤੋਂ ‘ਹਤਾਸ਼’ ਹੋਣ ਲੱਗੇ ਟਕਸਾਲੀ ਕਾਂਗਰਸੀ ਵਰਕਰ
‘ਇੱਕ ਆਗੂ ਨੂੰ ਸੰਭਾਲੀ ਜਾਵੇ ਹਲਕੇ ਦੀ ਵਾਂਗਡੋਰ’ ਦਾ ਨਾਅਰਾ ਉੱਚਾ ਹੋਣ ਲੱਗਿਆ
ਮਾਲੇਰਕੋਟਲਾ, 16 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬ ਵਿਧਾਨ ਸਭਾ ਦੀ ਚੋਣ ’ਚ ਅੱਜ ਜਿਸ ਵੇਲੇ ਕਰੀਬ 4 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਕਾਂਗਰਸ ਪਾਰਟੀ ਦੀ ਧੜੇਬੰਦੀ ਹੋਰ ਉੱਚੀ ਹੋ ਰਹੀ ਹੈ । ਇਹ ਧੜੇਬੰਦੀ ਵਰਕਰਾਂ ਦੇ ਦਰਮਿਆਨ ਨਹੀਂ, ਸਗੋਂ ਟਿਕਟ ਦੇ ਚਾਹਵਾਨ ਆਗੂਆਂ ਦੀ ‘ਆਪਸੀ ਖਹਿਬਾਜੀ’ ਦੇ ਕਾਰਨ ਹੈ ।
ਮਾਲੇਰਕੋਟਲਾ, 16 ਸਤੰਬਰ (ਮਨਜਿੰਦਰ ਸਿੰਘ ਸਰੌਦ) - ਪੰਜਾਬ ਵਿਧਾਨ ਸਭਾ ਦੀ ਚੋਣ ’ਚ ਅੱਜ ਜਿਸ ਵੇਲੇ ਕਰੀਬ 4 ਮਹੀਨੇ ਦਾ ਸਮਾਂ ਬਾਕੀ ਰਹਿ ਗਿਆ ਹੈ ਤਾਂ ਜ਼ਿਲ੍ਹਾ ਮਲੇਰਕੋਟਲਾ ਦੇ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਕਾਂਗਰਸ ਪਾਰਟੀ ਦੀ ਧੜੇਬੰਦੀ ਹੋਰ ਉੱਚੀ ਹੋ ਰਹੀ ਹੈ । ਇਹ ਧੜੇਬੰਦੀ ਵਰਕਰਾਂ ਦੇ ਦਰਮਿਆਨ ਨਹੀਂ, ਸਗੋਂ ਟਿਕਟ ਦੇ ਚਾਹਵਾਨ ਆਗੂਆਂ ਦੀ ‘ਆਪਸੀ ਖਹਿਬਾਜੀ’ ਦੇ ਕਾਰਨ ਹੈ । ਜਿਸ ਨੂੰ ਲੈ ਕੇ ਕਾਂਗਰਸ ਦੇ ਟਕਸਾਲੀ ਵਰਕਰ ਨਿਰਾਸ਼ਾ ਦੇ ਆਲਮ ‘ਚ ਹਨ । ਕਰੀਬ 40-40 ਵਰ੍ਹਿਆਂ ਤੋਂ ਕਾਂਗਰਸ ਪਾਰਟੀ ਦੀ ‘ਪੰਜਾਲੀ’ ਆਪਣੇ ਮੋਢਿਆਂ ’ਤੇ ਰੱਖ ਕੇ ਅਪਣੇ ਆਗੂਆਂ ਨੂੰ ਵਿਧਾਨ ਸਭਾ ’ਚ ਭੇਜਣ ਵਾਲੇ ਵਰਕਰਾਂ ਦੇ ਮਨ ਆਪਣੇ ਹੀ ਆਗੂਆਂ ਤੋਂ ਇਸ ਕਦਰ ਉਚਾਟ ਹੋ ਰਹੇ ਹਨ ਕਿ ਉਹ ਕੋਈ ਵੀ ਵੱਡਾ ਫੈਸਲਾ ਲੈ ਕੇ ਆਉਣ ਵਾਲੀ ਚੋਣ ਦੇ ਅੰਦਰ ਨਵੀਂ ਵਿਉਂਤਬੰਦੀ ਦੇ ਤਹਿਤ ਕਾਫੀ ਕੁਝ ਐਸਾ ਕਰ ਸਕਦੇ ਹਨ ਜੋ ਪਾਰਟੀ ਦੇ ਹੱਕ ਵਿੱਚ ਨਹੀਂ ਹੋਵੇਗਾ । ਮੌਜੂਦਾ ਸਮੇਂ ਹਲਕਾ ਅਮਰਗੜ੍ਹ ਦੇ ਅੰਦਰ ਕਾਂਗਰਸ ਪਾਰਟੀ ਦੀ ਟਿਕਟ ਲਈ ਕਰੀਬ ਅੱਧੀ ਦਰਜਨ ਦਾਅਵੇਦਾਰਾਂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ, ਬੀਬਾ ਅਮਨਦੀਪ ਕੌਰ ਖੰਗੂੜਾ, ਸਮਿੱਤ ਸਿੰਘ ਮਾਨ, ਚੇਅਰਮੈਨ ਬਲਵੰਤ ਸਿੰਘ ਦੁੱਲਮਾਂ, ਕਮਲ ਧਾਲੀਵਾਲ ਆਦਿ ਆਗੂਆਂ ਦੀਆਂ ਗੱਡੀਆਂ ਦੀ ਧੂੜ ਹਲਕਾ ਅਮਰਗੜ੍ਹ ਤੋਂ ਲੈ ਕੇ ਵਾਇਆ ਚੰਡੀਗੜ੍ਹ ਹੁੰਦੀ ਹੋਈ ਦਿੱਲੀ ਤੱਕ ਵਿਖਾਈ ਦਿੰਦੀ ਹੈ । ਵਿਚ ਵਿਚਾਲੇ ਸਾਂਸਦ ਡਾਕਟਰ ਅਮਰ ਸਿੰਘ ਦੇ ਨਾਂਅ ਦੀ ਚਰਚਾ ਵੀ ਚੱਲੀ । ਬੀਤੇ ਦਿਨੀ ਕਾਂਗਰਸ ਪਾਰਟੀ ਦੇ ਹਲਕਾ ਅਮਰਗੜ੍ਹ ਤੋਂ ਚੋਣ ਲੜ ਚੁੱਕੇ ਨੌਜਵਾਨ ਆਗੂ ਸਮਿੱਤ ਸਿੰਘ ਮਾਨ ਦੀ ਟੀਮ ਦੇ ਬੈਨਰ ਹੇਠ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵੀਡੀਓ ਨੇ ਤਰਥੱਲੀ ਮਚਾ ਕੇ ਰੱਖ ਦਿੱਤੀ । ਉਸ ਵੀਡੀਓ ਦੇ ’ਚ ਸਿੱਧਾ ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਡਾ. ਅਮਰ ਸਿੰਘ ’ਤੇ ‘ਕਟਾਕਸ਼’ ਕੀਤੇ ਗਏ ਹਨ । ਕਿਉਂਕਿ ਕੁਝ ਸਮਾਂ ਪਹਿਲਾਂ ਡਾ. ਅਮਰ ਸਿੰਘ ਨੇ ਇੱਕ ਇਕੱਠ ਦੌਰਾਨ ਆਖਿਆ ਸੀ ਕਿ ਕਾਂਗਰਸ ਪਾਰਟੀ ਦੇ ਅੰਦਰ ਹਲਕਾ ਇੰਚਾਰਜ ਦੀ ਕੋਈ ਪਰਿਭਾਸ਼ਾ ਨਹੀਂ ਹੈ, ਇਸ ਦੇ ਪ੍ਰਤੀਕਰਮ ਵਜੋਂ ਸੋਸ਼ਲ ਮੀਡੀਆ ‘ਤੇ ਸਮਿੱਤ ਸਿੰਘ ਮਾਨ ਦੀ ਟੀਮ ਦੇ ਨਾ ਹੇਠ ਵਾਇਰਲ ਹੋ ਰਹੀ ਵੀਡੀਓ ਨੇ ਹਲਕਾ ਅਮਰਗੜ੍ਹ ਦੀ ਕਾਂਗਰਸ ਪਾਰਟੀ ਦੇ ਅੰਦਰ ਵੱਡਾ ਵਿਵਾਦ ਸ਼ੁਰੂ ਕਰ ਦਿੱਤਾ ਹੈ । ਉਸ ਤੋਂ ਬਾਅਦ ਕਾਂਗਰਸ ਦੇ ਸੀਨੀਅਰ ਅਹੁਦੇਦਾਰਾਂ ਵੱਲੋਂ ਇੱਕ ਪ੍ਰੈਸ ਵਾਰਤਾ ਰਾਹੀਂ ਸਮਿੱਤ ਸਿੰਘ ਮਾਨ ਨੂੰ ਨਿਸ਼ਾਨੇ ’ਤੇ ਲੈਂਦਿਆਂ ਉਸ ਦੇ ਖਿਲਾਫ਼ ਖੁੱਲ੍ਹੇਆਮ ਬਿਆਨਬਾਜ਼ੀ ਕੀਤੀ । ਸਾਰੇ ਵਰਤਾਰੇ ਦੌਰਾਨ ਟਕਸਾਲੀ ਕਾਂਗਰਸੀ ਵਰਕਰ ਆਪਣੇ ਹੀ ਆਗੂਆਂ ਨੂੰ ਵੇਖ ਕੇ ਅੰਦਰੋਂ ਅੰਦਰੀ ‘ਡਾਢੇ ਔਖੇ’ ਪ੍ਰਤੀਤ ਹੋ ਰਹੇ ਹਨ । ਬੀਤੇ ਦਿਨ ਹੀ ਮਲੇਰਕੋਟਲਾ ਵਿਖੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਆਮਦ ਮੌਕੇ ਹਲਕਾ ਮਲੇਰਕੋਟਲਾ ਤੋਂ ਕਾਂਗਰਸ ਦੇ ਸਾਬਕਾ ਕੈਬਨਿਟ ਵਜ਼ੀਰ ਬੀਬਾ ਰਜੀਆ ਸੁਲਤਾਨਾ ਤੇ ਉਨ੍ਹਾਂ ਦੀ ਪੁੱਤਰੀ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਤ ਅਖ਼ਤਰ ਵਲੋਂ ਸਟੇਜ ਤੋਂ ਹਾਈਕਮਾਂਡ ਨੂੰ ਇੱਕ ਗੱਲ ਆਖੀ ਗਈ ਸੀ ਕਿ ਚੰਗਾ ਹੋਵੇ ਜੇਕਰ ਹਲਕਾ ਅਮਰਗੜ੍ਹ ਦੇ ਅੰਦਰ ਕਿਸੇ ਇੱਕ ਆਗੂ ਦੀ ਬਾਂਹ ਕਾਂਗਰਸੀ ਵਰਕਰਾਂ ਨੂੰ ਫੜਾਈ ਜਾਵੇ । ਇਸ ਗੱਲ ਦਾ ਜ਼ਿਲ੍ਹਾ ਮਲੇਰਕੋਟਲਾ ਦੇ ਕਾਂਗਰਸੀ ਵਰਕਰਾਂ ਨੇ ਸਵਾਗਤ ਕੀਤਾ ਸੀ । ਵੇਖਣਾ ਹੋਵੇਗਾ ਕਾਂਗਰਸ ਦੀ ਇਹ ਧੜੇਬੰਦੀ ਆਗਾਮੀ ਵਿਧਾਨ ਸਭਾ ਚੋਣਾਂ ਤੱਕ ਕੀ ਰੁਖ਼ ਅਖਤਿਆਰ ਕਰਦੀ ਹੈ ।