ਮਸਤੂਆਣਾ ਸਾਹਿਬ ਵਿਖੇ ‘ਫਿੱਟ ਇੰਡੀਆ’ ਦੇ 100ਵੇਂ ਐਡੀਸ਼ਨ ਮੌਕੇ ਵਿਸ਼ਾਲ ਸਾਈਕਲ ਰੈਲੀ ਕੱਢੀ
ਮਸਤੂਆਣਾ ਸਾਹਿਬ, 29 ਨਵੰਬਰ (ਦਮਦਮੀ)-ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਟ੍ਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਵਿਖੇ ਐਸ. ਟੀ.
ਮਸਤੂਆਣਾ ਸਾਹਿਬ, 29 ਨਵੰਬਰ (ਦਮਦਮੀ)-ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਦੇ ਟ੍ਰੇਨਿੰਗ ਸੈਂਟਰ ਮਸਤੂਆਣਾ ਸਾਹਿਬ ਵਿਖੇ ਐਸ.ਟੀ.ਸੀ. ਦੇ ਅਸਿਸਟੈਂਟ ਡਾਇਰੈਕਟਰ ਸ੍ਰੀ ਪੁਸ਼ਕਰ ਸਿੰਘ ਦੀ ਅਗਵਾਈ ਹੇਠ ‘ਫਿੱਟ ਇੰਡੀਆ’ ਮੁਹਿੰਮ ਦੇ 100ਵੇਂ ਐਡੀਸ਼ਨ ‘ਸੰਡੇਜ਼ ਆਨ ਸਾਈਕਲ’ ਨੂੰ ਸਮਰਪਿਤ ਵਿਸ਼ਾਲ ਸਾਈਕਲ ਰੈਲੀ ਕੱਢੀ ਗਈ। ਵਾਤਾਵਰਣ ਦੀ ਸੰਭਾਲ, ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਅਤੇ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਦੇ ਉਦੇਸ਼ ਨਾਲ ਕਰਵਾਈ ਗਈ ਇਸ ਰੈਲੀ ਨੂੰ ਮੁੱਖ ਮਹਿਮਾਨ ਉਲੰਪੀਅਨ ਡਾ. ਤਰਲੋਕ ਸਿੰਘ ਸੰਧੂ ਨੇ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਰੈਲੀ ਦੀ ਸ਼ੁਰੂਆਤ ਤੋਂ ਪਹਿਲਾਂ ਸਾਈ ਸੈਂਟਰ ਦੇ ਖੇਡ ਮੈਦਾਨ ਵਿੱਚ ਇਕੱਤਰ ਹੋਏ ਸੈਂਕੜੇ ਖਿਡਾਰੀਆਂ, ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਆਪਣਾ ਯੋਗਦਾਨ ਪਾਉਣ ਦਾ ਪ੍ਰਣ ਲਿਆ। ਇਸ ਮੌਕੇ ਨੌਜਵਾਨਾਂ ਵੱਲੋਂ ਪੇਸ਼ ਕੀਤੇ ਗਏ ਜੋਸ਼ੀਲੇ ਭੰਗੜੇ ਨੇ ਸਮਾਗਮ ਵਿੱਚ ਖ਼ੂਬ ਰੌਣਕਾਂ ਲਾਈਆਂ। ਪੁਲੀਸ ਪ੍ਰਸ਼ਾਸਨ ਦੇ ਸੁਚੱਜੇ ਪ੍ਰਬੰਧਾਂ ਹੇਠ ਸਾਈਕਲ ਰੈਲੀ ਨੈਸ਼ਨਲ ਹਾਈਵੇਅ ਰਾਹੀਂ ਪਿੰਡ ਬਡਰੁੱਖਾਂ ਤੱਕ ਪਹੁੰਚੀ ਅਤੇ ਕਰੀਬ ਪੰਜ ਕਿਲੋਮੀਟਰ ਦਾ ਸਫ਼ਰ ਤੈਅ ਕਰਦਿਆਂ ਮੁੜ ਸਾਈ ਸੈਂਟਰ ਵਿਖੇ ਪਹੁੰਚ ਕੇ ਸੰਪੰਨ ਹੋਈ। ਰੈਲੀ ਦੌਰਾਨ ਨੌਜਵਾਨਾਂ ਵੱਲੋਂ ‘ਕਾਮਨਵੈਲਥ ਖੇਡਾਂ ਦੀ ਵਾਰੀ ਹੈ, ਉਲੰਪਿਕ ਦੀ ਤਿਆਰੀ ਹੈ’, ‘ਹਰਾ-ਭਰਾ ਤੇ ਸਵੱਛ ਵਾਤਾਵਰਣ’ ਅਤੇ ‘ਨਸ਼ਾ ਮੁਕਤ ਪੰਜਾਬ’ ਵਰਗੇ ਨਾਅਰੇ ਲਗਾ ਕੇ ਲੋਕਾਂ ਨੂੰ ਸਿਹਤ, ਖੇਡਾਂ ਅਤੇ ਵਾਤਾਵਰਣ ਦੀ ਸੰਭਾਲ ਪ੍ਰਤੀ ਜਾਗਰੂਕ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਉਲੰਪੀਅਨ ਡਾ. ਤਰਲੋਕ ਸਿੰਘ ਸੰਧੂ ਨੇ ਕਿਹਾ ਕਿ ਤੰਦਰੁਸਤ ਸਮਾਜ ਦੀ ਸਿਰਜਣਾ ਲਈ ਹਰੇਕ ਨਾਗਰਿਕ ਦਾ ਸਰੀਰਕ ਅਤੇ ਮਾਨਸਿਕ ਤੌਰ ’ਤੇ ਸਿਹਤਮੰਦ ਹੋਣਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਾਈਕਲ ਚਲਾਉਣਾ ਸਿਹਤ ਲਈ ਲਾਹੇਵੰਦ ਹੋਣ ਦੇ ਨਾਲ-ਨਾਲ ਵਾਤਾਵਰਣ ਦੀ ਸੰਭਾਲ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਅਕਾਲ ਕਾਲਜ ਕੌਂਸਲ ਦੇ ਸਕੱਤਰ ਸ੍ਰ. ਜਸਵੰਤ ਸਿੰਘ ਖਹਿਰਾ ਨੇ ਸਾਈ ਸੈਂਟਰ ਵੱਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਖੇਡਾਂ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢ ਕੇ ਉਸਾਰੂ ਜੀਵਨ ਵੱਲ ਪ੍ਰੇਰਿਤ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹਨ। ਇਸ ਮੌਕੇ ਡੀ.ਐੱਸ.ਪੀ. ਮੂਨਕ ਸ੍ਰ. ਹਰਵਿੰਦਰ ਸਿੰਘ ਖਹਿਰਾ, ਸੀਨੀਅਰ ਕੌਂਸਲ ਮੈਂਬਰ ਸ੍ਰ. ਗੁਰਜੰਟ ਸਿੰਘ ਦੁੱਗਾਂ, ਜਥੇਦਾਰ ਬਲਦੇਵ ਸਿੰਘ ਭੰਮਾਂਬੱਦੀ, ਪ੍ਰਿੰਸੀਪਲ ਡਾ. ਗੀਤਾ ਠਾਕੁਰ, ਨਗਰ ਕੌਂਸਲ ਸੰਗਰੂਰ ਦੇ ਸਾਬਕਾ ਪ੍ਰਧਾਨ ਸ੍ਰ. ਹਰਬੰਸ ਸਿੰਘ ਗਰਚਾ ਅਤੇ ਜ਼ਿਲ੍ਹਾ ਯੂਥ ਕੋਆਰਡੀਨੇਟਰ ਸ੍ਰ. ਨਰੇਸ਼ ਸੈਣੀ ਸਮੇਤ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ, ਖਿਡਾਰੀਆਂ ਅਤੇ ਇਲਾਕਾ ਨਿਵਾਸੀਆਂ ਨੇ ਸ਼ਿਰਕਤ ਕੀਤੀ। ਅਖੀਰ ਵਿੱਚ ਸ੍ਰੀ ਪੁਸ਼ਕਰ ਸਿੰਘ ਨੇ ਸਾਰਿਆਂ ਦਾ ਧੰਨਵਾਦ ਕੀਤਾ।