ਫਿਰੋਜ਼ਪੁਰ, 3 ਜਨਵਰੀ (ਸੁਖਵਿੰਦਰ ਸਿੰਘ)-ਡੀ.ਸੀ. ਕੰਪਲੈਕਸ ਫਿਰੋਜ਼ਪੁਰ ਦੇ ਬਾਹਰ ਪੱਤਰਕਾਰਾਂ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ ਗਿਆ | ਜਿਸ ਵਿਚ ਸਮੂਹ ਪੱਤਰਕਾਰ ਭਾਈਚਾਰਾ, ਕਿਸਾਨ ਜਥੇਬੰਦੀਆਂ ਅਤੇ ਹੋਰ ਜਥੇਬੰਦੀਆਂ ਸ਼ਾਮਲ ਹੋਈਆਂ | ਜ਼ਿਲ੍ਹਾ ਪ੍ਰੈਸ ਕਲੱਬ ਦੇ ਪ੍ਰਧਾਨ ਅਸ਼ੋਕ ਭਾਰਦਵਾਜ ਨੇ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪੰਜਾਬ ਸਰਕਾਰ ਵਲੋਂ ਇਕ ਘਿਨੌਣੀ ਹਰਕਤ ਕਰਦਿਆਂ 10 ਦੇ ਕਰੀਬ ਪੱਤਰਕਾਰਾਂ 'ਤੇ ਕੇਸ ਦਰਜ ਕੀਤਾ ਗਿਆ | ਹੈਰਾਨੀ ਦੀ ਗੱਲ ਇਹ ਹੈ ਕਿ ਇਹ ਪਰਚਾ 12-12-2025 ਨੂੰ ਦਰਜ ਦਿਖਾਇਆ ਗਿਆ, ਪਰ ਇਸ ਦੀ ਜਾਣਕਾਰੀ 1 ਜਨਵਰੀ 2026, ਨਵੇਂ ਸਾਲ ਦੇ ਦਿਨ ਪੱਤਰਕਾਰਾਂ ਨੂੰ ਦਿੱਤੀ ਗਈ | ਇਸ ਦੇ ਵਿਰੋਧ ਵਜੋਂ ਫਿਰੋਜ਼ਪੁਰ ਦੀਆਂ ਸਮੂਹ ਪੈੱ੍ਰਸ ਕਲੱਬਾਂ ਦੇ ਨੁਮਾਇੰਦੇ ਇਕੱਠੇ ਹੋਏ ਅਤੇ ਸਖ਼ਤ ਨਾਰਾਜ਼ਗੀ ਜ਼ਾਹਿਰ ਕੀਤੀ | ਜ਼ਿਲ੍ਹਾ ਪੈੱ੍ਰਸ ਕਲੱਬ ਫਿਰੋਜ਼ਪੁਰ ਅਤੇ ਪੰਜਾਬ-ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਮਾਧਿਅਮ ਰਾਹੀਂ ਸਰਕਾਰ ਦੀ ਇਸ ਕਾਰਵਾਈ ਦੀ ਕੜੀ ਨਿੰਦਾ ਕੀਤੀ ਗਈ | ਪੱਤਰਕਾਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਪੱਤਰਕਾਰਾਂ ਖ਼ਿਲਾਫ਼ ਦਰਜ ਕੀਤੇ ਗਏ ਕੇਸ ਰੱਦ ਨਹੀਂ ਕੀਤੇ ਜਾਂਦੇ, ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ | ਇਸ ਮੌਕੇ ਸਤਲੁਜ ਪੈੱ੍ਰਸ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਾਮਾ ਸਿੱਧੂ ਨੇ ਕਿਹਾ ਕਿ ਸਵਾਲਾਂ ਤੋਂ ਕਦੇ ਵੀ ਭੱਜਣਾ ਨਹੀਂ ਚਾਹੀਦਾ | ਜਦੋਂ ਕੋਈ ਸਰਕਾਰ ਵਿਚ ਹੈ ਜਾਂ ਜਵਾਬ ਦੇਈ ਵਾਲੇ ਅਹੁਦੇ ਤੇ ਬੈਠਾ ਹੈ ਤਾਂ ਉਸ ਨੰੂ ਲੋਕਾਂ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣੇ ਹੀ ਪੈਣਗੇ |