ਫ਼ਿਰੋਜ਼ਪੁਰ, 3 ਜਨਵਰੀ (ਗੁਰਿੰਦਰ ਸਿੰਘ)-ਅਮਨਦੀਪ ਹਸਪਤਾਲ, ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਆਮ ਜਨਤਾ ਲਈ 31 ਜਨਵਰੀ ਤੱਕ ਮੁਫ਼ਤ ਮਲਟੀ-ਸਪੈਸ਼ਲਟੀ ਓ.ਪੀ.ਡੀ ਸਹੂਲਤ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ | ਇਹ ਪਹਿਲ ਸਮਾਜ ਨੂੰ ਸੌਖੀਆਂ ਅਤੇ ਉੱਚ-ਗੁਣਵੱਤਾ ਵਾਲੀਆਂ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਹੈ | ਇਸ ਯੋਜਨਾ ਤਹਿਤ ਇੰਟਰਨਲ ਮੈਡੀਸਨ, ਦਿਲ ਦੇ ਰੋਗ, ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੀ ਦੇਖਭਾਲ, ਛਾਤੀ ਰੋਗ, ਈ.ਐਨ.ਟੀ, ਇਸਤਰੀ ਰੋਗ, ਹੱਡੀ ਰੋਗ, ਬਾਲ ਰੋਗ, ਜਨਰਲ ਸਰਜਰੀ ਅਤੇ ਗੁਰਦਾ ਰੋਗ ਸਮੇਤ ਕਈ ਵਿਭਾਗਾਂ ਦੇ ਮਾਹਿਰ ਡਾਕਟਰਾਂ ਵਲੋਂ ਮੁਫ਼ਤ ਸਲਾਹ ਦਿੱਤੀ ਜਾ ਰਹੀ ਹੈ | ਇਸ ਦੇ ਨਾਲ ਹੀ ਮਰੀਜ਼ਾਂ ਨੂੰ ਸੀ.ਟੀ ਸਕੈਨ ਅਤੇ ਐਮ.ਆਰ.ਆਈ ਜਾਂਚਾਂ 'ਤੇ 40 ਫ਼ੀਸਦੀ ਵਿਸ਼ੇਸ਼ ਛੂਟ ਦਾ ਲਾਭ ਵੀ ਮਿਲੇਗਾ | ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਕਿ ਸਮਾਜਿਕ ਜ਼ਿੰਮੇਵਾਰੀ ਅਮਨਦੀਪ ਹਸਪਤਾਲ ਦੀ ਹੈਲਥ ਕੇਅਰ ਨੀਤੀ ਦਾ ਹਿੱਸਾ ਹੈ ਅਤੇ ਇਸ ਮੁਫ਼ਤ ਮਲਟੀ-ਸਪੈਸ਼ਲਟੀ ਓ.ਪੀ.ਡੀ ਰਾਹੀਂ ਮਰੀਜ਼ਾਂ ਨੂੰ ਸਮੇਂ ਸਿਰ ਸਹੀ ਸਲਾਹ ਅਤੇ ਬਿਹਤਰ ਇਲਾਜ ਉਪਲਬਧ ਕਰਵਾਉਣਾ ਹੀ ਹਸਪਤਾਲ ਦਾ ਮੁੱਖ ਮਕਸਦ ਹੈ | ਜਾਣਕਾਰੀ ਦਿੰਦਿਆਂ ਹਸਪਤਾਲ ਪ੍ਰਬੰਧਨ ਨੇ ਦੱਸਿਆ ਕਿ ਇਹ ਸਹੂਲਤ ਖ਼ਾਸ ਤੌਰ 'ਤੇ ਉਨ੍ਹਾਂ ਲੋਕਾਂ ਲਈ ਲਾਭਦਾਇਕ ਹੈ ਜੋ ਆਰਥਿਕ ਕਾਰਨਾਂ ਕਰਕੇ ਸਮੇਂ 'ਤੇ ਇਲਾਜ ਨਹੀਂ ਕਰਵਾ ਸਕਦੇ | ਹਸਪਤਾਲ ਦਾ ਉਦੇਸ਼ ਹੈ ਕਿ ਹਰ ਲੋੜਵੰਦ ਤੱਕ ਭਰੋਸੇ ਯੋਗ ਅਤੇ ਬਿਹਤਰ ਸਿਹਤ ਸੇਵਾਵਾਂ ਪਹੁੰਚ ਸਕਣ | ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਅਮਨਦੀਪ ਗਰੁੱਪ ਕੋਲ 750 ਤੋਂ ਵੱਧ ਬੈੱਡਾਂ ਅਤੇ 170 ਤੋਂ ਜ਼ਿਆਦਾ ਮਾਹਿਰ ਡਾਕਟਰਾਂ ਦਾ ਨੈੱਟਵਰਕ ਹੈ, ਜੋ ਅੰਮਿ੍ਤਸਰ, ਪਠਾਨਕੋਟ, ਫ਼ਿਰੋਜ਼ਪੁਰ, ਸ਼੍ਰੀ ਨਗਰ ਅਤੇ ਤਰਨਤਾਰਨ ਸਮੇਤ ਛੇ ਸਥਾਨਾਂ 'ਤੇ ਸੇਵਾਵਾਂ ਦੇ ਰਿਹਾ ਹੈ | ਉਨ੍ਹਾਂ ਕਿਹਾ ਕਿ ਗਰੁੱਪ ਹੁਣ ਤੱਕ 25 ਲੱਖ ਤੋਂ ਵੱਧ ਮਰੀਜ਼ਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰ ਚੁੱਕਾ ਹੈ |