ਜ਼ੀਰਾ, 5 ਜਨਵਰੀ (ਰਜਨੀਸ਼ ਕਥੂਰੀਆ)-ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ (ਜੇ. ਜੀ. ਐਨ. ਡੀ. ਪੀ. ਐਸ. ਓ. ਯੂ.) ਵਲੋਂ ਜਨਵਰੀ 2026 ਸੈਸ਼ਨ ਲਈ ਨਵੇਂ ਦਾਖ਼ਲਿਆਂ ਤੇ ਰੀ-ਰਜਿਸਟ੍ਰੇਸ਼ਨ ਦੀ ਪ੍ਰਕਿਰਿਆ 01 ਜਨਵਰੀ 2026 ਤੋਂ ਸ਼ੁਰੂ ਕਰ ਦਿੱਤੀ ਗਈ ਹੈ | ਇਸ ਸੰਬੰਧੀ ਰਿਜਨਲ ਸੈਂਟਰ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਇੱਛੁਕ ਵਿਦਿਆਰਥੀ ਯੂਨੀਵਰਸਿਟੀ ਦੀ ਅਧਿਕਾਰਕ ਵੈੱਬਸਾਈਟ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ ਜਾਂ ਦਾਖ਼ਲੇ ਸੰਬੰਧੀ ਸਹਾਇਤਾ ਲਈ ਸੰਤ ਕਬੀਰ ਕਾਲਜ ਜ਼ੀਰਾ ਵਿਖੇ ਪਹੁੰਚ ਕਰ ਸਕਦੇ ਹਨ | ਇਸ ਮੌਕੇ ਸੰਤ ਕਬੀਰ ਕਾਲਜ ਜ਼ੀਰਾ ਦੇ ਮੈਨੇਜਿੰਗ ਡਾਇਰੈਕਟਰ ਡਾ. ਸੁਖਦੇਵ ਸਿੰਘ ਨੇ ਹੋਰ ਦੱਸਿਆ ਕਿ ਜਨਵਰੀ 2026 ਬੈਚ ਲਈ ਬੈਚਲਰ ਡਿਗਰੀ ਕੋਰਸਾਂ ਜਿਵੇਂ ਕਿ ਬੀ. ਏ., ਬੀ. ਕਾਮ, ਬੀ. ਸੀ. ਏ. ਆਦਿ ਵਿਚ ਦਾਖ਼ਲੇ ਉਪਲਬਧ ਹਨ | ਵਿਦਿਆਰਥੀ ਇਸ ਮੌਕੇ ਦਾ ਪੂਰਾ ਲਾਭ ਉਠਾ ਕੇ ਆਪਣੀ ਉੱਚ ਸਿੱਖਿਆ ਦਾ ਸੁਪਨਾ ਸਾਕਾਰ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਲੋਂ ਨੌਕਰੀ-ਪੇਸ਼ਾ ਵਿਦਿਆਰਥੀਆਂ, ਵਰਕਿੰਗ ਪ੍ਰੋਫੈਸ਼ਨਲਜ਼ ਤੇ ਘਰੇਲੂ ਵਿਦਿਆਰਥੀਆਂ ਲਈ ਘੱਟ ਖ਼ਰਚੇ 'ਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਨਹਿਰੀ ਮੌਕਾ ਪ੍ਰਦਾਨ ਕੀਤਾ ਜਾ ਰਿਹਾ ਹੈ | ਇਸ ਮੌਕੇ ਰਿਜਨਲ ਸੈਂਟਰ ਜ਼ੀਰਾ ਦੇ ਕੋਆਰਡੀਨੇਟਰ ਡਾ. ਵੀਰਪਾਲ ਨੇ ਦੱਸਿਆ ਕਿ ਮਾਸਟਰ ਡਿਗਰੀ ਕੋਰਸਾਂ ਜਿਵੇਂ ਕਿ ਐਮ. ਏ., ਐਮ. ਕਾਮ ਆਦਿ 'ਚ ਵੀ ਦਾਖ਼ਲੇ ਕੀਤੇ ਜਾ ਰਹੇ ਹਨ | ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਦਾਖ਼ਲੇ ਦੀ ਪ੍ਰਕਿਰਿਆ ਨੂੰ ਸਮੇਂ ਸਿਰ ਤੇ ਸਹੀ ਤਰੀਕੇ ਨਾਲ ਪੂਰਾ ਕੀਤਾ ਜਾਵੇ | ਉਨ੍ਹਾਂ ਅੱਗੇ ਦੱਸਿਆ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਸਾਰੇ ਕੋਰਸਾਂ ਸੰਬੰਧੀ ਵਿਸਥਾਰਤ ਜਾਣਕਾਰੀ ਯੂਨੀਵਰਸਿਟੀ ਦੀ ਸਰਕਾਰੀ ਵੈੱਬਸਾਈਟ 'ਤੇ ਉਪਲਬਧ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਲਈ ਵਿਦਿਆਰਥੀ ਸੰਤ ਕਬੀਰ ਕਾਲਜ ਜ਼ੀਰਾ ਨਾਲ ਸੰਪਰਕ ਕਰ ਸਕਦੇ ਹਨ |