ਜ਼ੀਰਾ, 6 ਜਨਵਰੀ (ਰਜਨੀਸ਼ ਕਥੂਰੀਆ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਬਲਾਕ ਜ਼ੀਰਾ ਦੀ ਇਕ ਵਿਸ਼ੇਸ਼ ਮੀਟਿੰਗ ਚਮਕੌਰ ਸਿੰਘ ਬੱਲ ਬਲਾਕ ਪ੍ਰਧਾਨ ਜ਼ੀਰਾ ਦੀ ਪ੍ਰਧਾਨਗੀ ਹੇਠ ਹੋਈ | ਜਿਸ 'ਚ ਹਰਦਿਆਲ ਸਿੰਘ ਅਲੀਪੁਰ ਤੇ ਕਿਰਨਪਾਲ ਸਿੰਘ ਸੋਢੀਵਾਲਾ ਮੀਤ ਪ੍ਰਧਾਨ ਪੰਜਾਬ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਪਿਛਲੇ ਦਿਨੀਂ ਪਿੰਡ ਰਟੌਲ ਰੋਹੀ ਦੀ ਸੁਸਾਇਟੀ ਵਿਚ ਜੋ ਕਥਿਤ ਤੌਰ 'ਤੇ ਖਾਦ ਵੰਡ ਘਪਲਾ ਕੀਤਾ ਗਿਆ ਹੈ, ਦੀ ਜਾਂਚ ਲਈ ਦਿੱਤੀ ਗਈ ਦਰਖਾਸਤ ਤੇ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ | ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਉਕਤ ਮਾਮਲੇ ਸੰਬੰਧੀ ਪ੍ਰਸ਼ਾਸਨ ਨੇ ਜਲਦੀ ਹੀ ਜਾਂਚ ਕਰਕੇ ਦੋਸ਼ੀਆਂ ਦੇ ਖ਼ਿਲਾਫ਼ ਬਣਦੀ ਕੋਈ ਕਾਰਵਾਈ ਨਾ ਕੀਤੀ ਤਾਂ ਯੂਨੀਅਨ ਵਲੋਂ ਸੰਘਰਸ਼ ਵਿੱਢਿਆ ਜਾਵੇਗਾ | ਜਿਸ ਦੇ ਤਹਿਤ ਏ. ਆਰ. ਦਫਤਰ ਜ਼ੀਰਾ ਦੇ ਸਾਹਮਣੇ ਧਰਨਾ ਦਿੱਤਾ ਜਾਵੇਗਾ | ਕਿਸਾਨ ਆਗੂਆਂ ਨੇ ਕਿਹਾ ਕਿ ਪਿਛਲੇ ਦਿਨੀਂ ਕਣਕ ਦੀ ਬਿਜਾਈ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਡੀ. ਏ. ਪੀ. ਤੇ ਯੂਰੀਆ ਖਾਦ ਸਬੰਧੀ ਬੜੀ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪਿਆ ਤੇ ਕਣਕ ਦੀ ਬਿਜਾਈ ਤੋਂ ਲੈ ਕੇ ਹੁਣ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜੋ 60-40 ਦੇ ਅਨੁਪਾਤ ਅਨੁਸਾਰ ਸੁਸਾਇਟੀਆਂ ਵਲੋਂ ਖਾਦ ਦੀ ਵੰਡ ਲਈ ਪਾਲਿਸੀ ਬਣਾਈ ਸੀ | ਉਸ ਅਨੁਪਾਤ ਦੇ ਮੁਤਾਬਿਕ ਖਾਦ ਦੀ ਵੰਡ ਨਹੀਂ ਕੀਤੀ ਗਈ | ਉਨ੍ਹਾਂ ਕਿਹਾ ਕਿ ਤਹਿਸੀਲ ਜ਼ੀਰਾ ਦੇ ਸੈਕਟਰੀਆਂ ਵਲੋਂ ਕਥਿਤ ਤੌਰ 'ਤੇ ਆਪਣੇ ਚਹੇਤਿਆਂ ਨੂੰ ਖਾਦ ਦਿੱਤੀ ਗਈ, ਜਿਸ ਕਰਕੇ ਲੋੜਵੰਦ ਕਿਸਾਨਾਂ ਨੂੰ ਬਾਹਰੋਂ ਖ਼ਰੀਦਣੀ ਪਈ | ਉਨ੍ਹਾਂ ਕਿਹਾ ਕਿ 10 ਜਨਵਰੀ ਨੂੰ ਪੰਜਾਬ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੂੰ ਨਾਲ ਲੈ ਕੇ ਚੰਡੀਗੜ੍ਹ ਵਿਖੇ ਚੰਡੀਗੜ੍ਹ ਵਿਖੇ ਰਜਿਸਟਰਾਰ ਸਹਿਕਾਰੀ ਸਭਾਵਾਂ ਨੂੰ ਜ਼ੀਰਾ ਤਹਿਸੀਲ ਦੀਆਂ ਸੁਸਾਇਟੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ | ਮੀਟਿੰਗ 'ਚ ਮੀਤ ਪ੍ਰਧਾਨ ਪੰਜਾਬ ਹਰਦਿਆਲ ਸਿੰਘ ਅਲੀਪੁਰ, ਕਿਰਨਪਾਲ ਸਿੰਘ ਸੋਢੀ ਵਾਲਾ ਮੀਤ ਪ੍ਰਧਾਨ ਪੰਜਾਬ, ਬਲਵਿੰਦਰ ਸਿੰਘ ਪੈੱ੍ਰਸ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਰੇਸ਼ਮ ਸਿੰਘ, ਚਮਕੌਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ, ਨੰਦ ਸਿੰਘ ਜ਼ਿਲ੍ਹਾ ਜਨਰਲ ਸਕੱਤਰ,ਜਲੌਰ ਸਿੰਘ ਖ਼ਜ਼ਾਨਚੀ, ਗੁਰਸਾਹਿਬ ਸਿੰਘ ਅਲੀਪੁਰ, ਗੁਰਨਾਮ ਸਿੰਘ ਅਲੀਪੁਰ, ਤੀਰਥ ਸਿੰਘ ਧੰਨਾ ਸ਼ਹੀਦ, ਰਵਿੰਦਰ ਸਿੰਘ, ਗੁਰਦੀਪ ਸਿੰਘ ਸ਼ੂਸ਼ਕ, ਗੁਰਮੇਲ ਸਿੰਘ ਸ਼ੂਸ਼ਕ, ਗੁਰਬਖ਼ਸ਼ ਸਿੰਘ ਸਾਬਕਾ ਸਰਪੰਚ, ਸੁਖਵਿੰਦਰ ਸਿੰਘ, ਕੁਲਵਿੰਦਰ ਸਿੰਘ, ਸਾਬਕਾ ਸਰਪੰਚ ਨਛੱਤਰ ਸਿੰਘ, ਗੁਰਪ੍ਰੀਤ ਸਿੰਘ ਪਿੰਡ ਮਣਕਿਆਂਵਾਲੀ ਆਦਿ ਕਿਸਾਨ ਆਗੂ ਤੇ ਮੈਂਬਰ ਹਾਜ਼ਰ ਸਨ |