ਫ਼ਿਰੋਜ਼ਪੁਰ, 23 ਜਨਵਰੀ (ਸੁਖਵਿੰਦਰ ਸਿੰਘ)-ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਬਸੰਤ ਪੰਚਮੀ ਦਾ ਪਾਵਨ ਤਿਉਹਾਰ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ | ਸਵੇਰ ਤੋਂ ਹੀ ਸ਼ਹਿਰ ਤੇ ਪਿੰਡਾਂ ਦੀਆਂ ਛੱਤਾਂ 'ਤੇ ਪਤੰਗਬਾਜ਼ੀ ਦਾ ਦੌਰ ਸ਼ੁਰੂ ਹੋ ਗਿਆ ਅਤੇ ਅਸਮਾਨ ਰੰਗ-ਬਰੰਗੀਆਂ ਪਤੰਗਾਂ ਨਾਲ ਭਰ ਗਿਆ | ਬੱਚਿਆਂ, ਨੌਜਵਾਨਾਂ ਤੇ ਵੱਡਿਆਂ ਨੇ ਇਕੱਠੇ ਹੋ ਕੇ ਬਸੰਤ ਦੀਆਂ ਖ਼ੁਸ਼ੀਆਂ ਮਨਾਈਆਂ | ਬਸੰਤ ਪੰਚਮੀ ਨੂੰ ਬਸੰਤ ਰੁੱਤ ਦੀ ਆਮਦ ਅਤੇ ਮੌਸਮ ਦੇ ਬਦਲਾਅ ਦੇ ਤੌਰ 'ਤੇ ਮਨਾਇਆ ਜਾਂਦਾ ਹੈ | ਇਹ ਤਿਉਹਾਰ ਨਵੀਂ ਉਮੀਦ, ਖ਼ੁਸ਼ਹਾਲੀ ਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ | ਧਾਰਮਿਕ ਤੌਰ 'ਤੇ ਇਸ ਦਿਨ ਨੂੰ ਵਿੱਦਿਆ ਦੀ ਦੇਵੀ ਮਾਂ ਸਰਸਵਤੀ ਦੀ ਅਰਾਧਨਾ ਨਾਲ ਜੋੜਿਆ ਜਾਂਦਾ ਹੈ, ਜਿਸ ਕਰਕੇ ਕਈ ਥਾਵਾਂ 'ਤੇ ਪੂਜਾ ਅਰਚਨਾ ਅਤੇ ਵਿਸ਼ੇਸ਼ ਸਮਾਗਮ ਵੀ ਕੀਤੇ ਗਏ | ਬਾਜ਼ਾਰਾਂ 'ਚ ਬੱਚਿਆ ਦੇ ਲਈ ਗ਼ੁਬਾਰੇ ਵੇਚਣ ਵਾਲਿਆਂ ਤੋਂ ਰੰਗ ਬਿਰੰਗੇ ਤੇ ਤਰ੍ਹਾਂ-ਤਰ੍ਹਾਂ ਦੇ ਗ਼ੁਬਾਰੇ ਖ਼ਰੀਦ ਕੇ ਅਸਮਾਨ ਦੇ ਵਿਚ ਉਡਾਏ ਗਏ | ਪੰਜਾਬੀ ਸੱਭਿਆਚਾਰ 'ਚ ਬਸੰਤ ਦੀ ਵਿਸ਼ੇਸ਼ ਮਹੱਤਤਾ ਹੈ | ਪਤੰਗਬਾਜ਼ੀ ਸਿਰਫ਼ ਮਨੋਰੰਜਨ ਹੀ ਨਹੀਂ, ਸਗੋਂ ਆਪਸੀ ਪਿਆਰ, ਭਾਈਚਾਰੇ ਤੇ ਖੇਡ-ਭਾਵਨਾ ਦਾ ਪ੍ਰਤੀਕ ਵੀ ਹੈ | ਕਦੇ ਇਕ ਦੀ ਗੁੱਡੀ ਕੱਟਦੀ ਹੈ ਅਤੇ ਕਦੇ ਦੂਜੇ ਦੀ ਇਹ ਰਿਵਾਇਤ ਜੀਵਨ ਦੇ ਉਤਾਰ-ਚੜ੍ਹਾਵਾਂ ਨੂੰ ਦਰਸਾਉਂਦੀ ਹੈ ਤੇ ਸਹਿਣਸ਼ੀਲਤਾ ਦਾ ਸੁਨੇਹਾ ਦਿੰਦੀ ਹੈ | ਲੋਕਾਂ ਵਲੋਂ ਪ੍ਰੰਪਰਾਗਤ ਰਵਾਇਤਾਂ ਨੂੰ ਨਿਭਾਉਂਦਿਆਂ ਗੀਤ, ਸੰਗੀਤ, ਮਿੱਠੀਆਂ ਖ਼ੁਸ਼ਬੂਦਾਰ ਪਕਵਾਨਾਂ ਅਤੇ ਆਪਸੀ ਭਾਈਚਾਰੇ ਦਾ ਸੰਦੇਸ਼ ਦਿੱਤਾ | ਕਈ ਥਾਵਾਂ 'ਤੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਆਗੂ ਅਤੇ ਨਵੇਂ ਵਿਆਹੇ ਜੋੜੇ ਵੀ ਪਤੰਗਬਾਜ਼ੀ ਕਰਦੇ ਨਜ਼ਰ ਆਏ ਅਤੇ ਉਨ੍ਹਾਂ ਲੋਕਾਂ ਨੂੰ ਬਸੰਤ ਦੀਆਂ ਵਧਾਈਆਂ ਦਿੱਤੀਆਂ | ਨਾਲ ਹੀ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਤਿਉਹਾਰ ਨੂੰ ਸੁਰੱਖਿਅਤ ਢੰਗ ਨਾਲ ਮਨਾਇਆ ਜਾਵੇ ਅਤੇ ਜਾਨਲੇਵਾ ਚਾਈਨਾ ਡੋਰ ਤੋਂ ਦੂਰ ਰਹਿਆਂ ਜਾਵੇ, ਤਾਂ ਜੋ ਖ਼ੁਸ਼ੀ ਦਾ ਇਹ ਤਿਉਹਾਰ ਕਿਸੇ ਲਈ ਦੁੱਖ ਦਾ ਕਾਰਨ ਨਾ ਬਣੇ | ਬਸੰਤ ਮੌਕੇ ਪਤੰਗ ਉਡਾਉਂਦੇ ਹੋਏ ਭਾਜਪਾ ਆਗੂ ਅਨੁਮਿਤ ਹੀਰਾ ਸੋਢੀ ਨੇ ਫ਼ਿਰੋਜ਼ਪੁਰ ਵਾਸੀਆਂ ਨੂੰ ਬਸੰਤ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਪਿਆਰ ਭਾਈਚਾਰੇ ਤੇ ਆਪਸੀ ਥਪਾਕ ਨੂੰ ਹੋਰ ਮਜ਼ਬੂਤ ਕਰਦਾ ਹੈ, ਕਿਉਂਕਿ ਪਤੰਗਬਾਜ਼ੀ ਦੌਰਾਨ ਕਦੇ ਇਕ ਦੀ ਗੁੱਡੀ ਕੱਟਦੀ ਹੈ ਅਤੇ ਕਦੇ ਦੂਸਰੇ ਦੀ ਜੋ ਖੇਡ-ਖੇਡ ਵਿਚ ਜੀਵਨ ਦਾ ਸਬਕ ਵੀ ਸਿਖਾਉਂਦੀ ਹੈ | ਇਸ ਲਈ ਸਾਨੂੰ ਇਸ ਤਿਉਹਾਰ ਨੂੰ ਪਿਆਰ ਮੁਹੱਬਤ ਤੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ | ਜਦੋਂ ਪਤੰਗ ਉਡਾ ਰਹੇ ਇਕ ਗੁਰਸਿੱਖ ਗੁਰਵਿੰਦਰ ਸਿੰਘ ਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਬਸੰਤ ਦਾ ਤਿਉਹਾਰ ਸਾਡੇ ਸਭਿਆਚਾਰਕ ਤੇ ਭਾਈਚਾਰੇ ਦੀ ਏਕਤਾ ਨੂੰ ਮਜ਼ਬੂਤ ਕਰਦਾ ਹੈ ਅਤੇ ਲੋਕਾਂ ਨੂੰ ਇਹ ਤਿਉਹਾਰ ਚਾਈਨਾ ਡੋਰ ਨੂੰ ਤਿਆਗ ਕੇ ਸੂਤੀ ਡੋਰਾਂ ਨਾਲ ਤੇ ਸੁਰੱਖਿਅਤ ਢੰਗ ਨਾਲ ਮਨਾਉਣਾ ਚਾਹੀਦਾ ਹੈ | ਨਵ ਵਿਆਹੇ ਜੋੜੇ ਨੇ ਵੀ ਬਸੰਤ ਪੰਚਮੀ ਦੀਆਂ ਖ਼ੁਸ਼ੀਆਂ ਸਾਂਝੀ ਕਰਦੇ ਹੋਏ ਲੋਕਾਂ ਨੂੰ ਚਾਈਨਾ ਡੋਰ ਤਿਆਗ ਕੇ ਸੂਤੀ ਡੋਰਾ ਦੇ ਨਾਲ ਪਤੰਗ ਉਡਾਉਣ ਦਾ ਸੁਨੇਹਾ ਦਿੱਤਾ | ਕੁਲ ਮਿਲਾ ਕੇ ਬਸੰਤ ਪੰਚਮੀ ਦਾ ਤਿਉਹਾਰ ਫ਼ਿਰੋਜ਼ਪੁਰ 'ਚ ਖ਼ੁਸ਼ੀਆਂ, ਸਭਿਆਚਾਰਕ ਰਵਾਇਤਾਂ ਅਤੇ ਆਪਸੀ ਸਾਂਝ ਦਾ ਸੁੰਦਰ ਪ੍ਰਤੀਕ ਬਣ ਕੇ ਸਾਹਮਣੇ ਆਇਆ |