19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਫ਼ਿਰੋਜ਼ਪੁਰ 'ਚ ਬਸੰਤ 'ਤੇ ਉੱਡੀ ਚਾਈਨਾ ਡੋਰ, ਬਿਆਨਾਂ 'ਚ ਉੱਡੀ 'ਪ੍ਰਸ਼ਾਸਨਿਕ ਤੇ ਸਮਾਜਿਕ' ਜ਼ਿੰਮੇਵਾਰੀ

Ad Position 21
No active advertisement
ਅਜੀਤ ਡੈਸਕ 24-01-2026
ਫ਼ਿਰੋਜ਼ਪੁਰ, 23 ਜਨਵਰੀ (ਗੁਰਿੰਦਰ ਸਿੰਘ)-ਡੇਢ ਦਹਾਕਾ ਪਹਿਲਾਂ ਬਸੰਤ ਵਾਲੇ ਦਿਨ ਫ਼ਿਰੋਜ਼ਪੁਰ ਸ਼ਹਿਰ 'ਚ ਵਾਪਰੇ ਇਕ ਭਿਆਨਕ ਹਾਦਸੇ ਤੋਂ ਬਾਅਦ ਗੈਸੀ ਗ਼ੁਬਾਰੇ ਭਰਨ ਵਾਲੇ ਸਿਲੰਡਰਾਂ ਦੇ ਸ਼ਹਿਰੀ ਖੇਤਰ ਵਿਚ ਦਾਖ਼ਲੇ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾਉਣ ਵਾਲਾ ਫ਼ਿਰੋਜ਼ਪੁਰ ਪ੍ਰਸ਼ਾਸਨ ਪਿਛਲੇ ਕਈ ਸਾਲਾਂ ਤੋਂ ਬਸੰਤ ਵਾਲੇ ਦਿਨ ਮੌਤ ਬਣ ਹਵਾ ਵਿਚ ਉੱਡਦੀ ਚਾਈਨਾ ਡੋਰ 'ਤੇ ਪਾਬੰਦੀ ਲਾਉਣ ਤੋਂ ਬੇਵੱਸ ਨਜ਼ਰ ਆਉਂਦਾ ਹੈ | ਉੱਚ ਅਦਾਲਤ ਵਲੋਂ ਸਮੁੱਚੇ ਪੰਜਾਬ ਵਿਚ ਚੀਨ ਦੀ ਬਣੀ ਇਸ ਸਿੰਥੈਟਿਕ ਡੋਰ 'ਤੇ ਪਾਬੰਦੀ ਲਾਉਣ ਦੇ ਬਾਵਜੂਦ ਫ਼ਿਰੋਜ਼ਪੁਰ ਵਿਚ ਸ਼ਰੇਆਮ ਵਿਕਦੀ ਚਾਈਨਾ ਡੋਰ ਰੋਜ਼ਾਨਾ ਮਨੁੱਖੀ ਜ਼ਿੰਦਗੀਆਂ ਨਾਲ ਖੇਡ ਰਹੀ ਹੈ, ਪਰ ਬੇਵੱਸ ਹੋਇਆ ਕਾਨੂੰਨ ਇਨ੍ਹਾਂ ਮੌਤ ਦੇ ਵਪਾਰੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਹਿੰਮਤ ਨਹੀਂ ਵਿਖਾ ਸਕਿਆ, ਜਿਸ ਦੇ ਚੱਲਦਿਆਂ ਸ਼ਹਿਰ ਤੇ ਛਾਉਣੀ ਵਿਚ ਧੜੱਲੇ ਨਾਲ ਵਿਕੀ ਚਾਈਨਾ ਡੋਰ ਅੱਜ ਬਸੰਤ 'ਤੇ ਸਾਰਾ ਦਿਨ ਹਵਾ 'ਚ ਆਪਣਾ ਤਾਂਡਵ ਕਰਦੀ ਰਹੀ | ਜਿਸ ਕਾਰਨ ਦੋ ਪਹੀਆ ਵਾਹਨ ਚਾਲਕਾਂ ਅਤੇ ਰਾਹਗੀਰਾਂ ਲਈ ਸੜਕਾਂ ਆਦਿ ਤੋਂ ਲੰਘਣਾ ਮੌਤ ਦੇ ਮੂੰਹ ਵਿਚੋਂ ਨਿਕਲਣ ਦੇ ਬਰਾਬਰ ਸਾਬਤ ਹੋਇਆ | ਥਾਂ-ਥਾਂ ਹਵਾ ਵਿਚ ਤੈਰਦੀ ਚਾਈਨਾ ਡੋਰ ਨਾਲ ਅੱਧੀ ਦਰਜਨ ਦੇ ਕਰੀਬ ਰਾਹਗੀਰਾਂ ਦੇ ਜ਼ਖ਼ਮੀ ਹੋਣ 'ਤੇ ਅਤੇ ਇਕ ਦੇ ਸਿਰ 'ਚ ਵੱਡੀ ਗਿਣਤੀ ਵਿਚ ਟਾਂਕੇ ਲੱਗਣ ਦੀ ਖ਼ਬਰ ਹੈ | ਹਾਲਾਂਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਚਾਈਨਾ ਡੋਰ ਦੀ ਵਿੱਕਰੀ ਰੋਕਣ ਲਈ ਕੀਤੀ ਜਾਣ ਵਾਲੀ ਖਾਨਾਪੂਰਤੀ ਵਿਚ ਸਕੂਲੀ ਅਧਿਆਪਕਾਂ ਨੂੰ ਬੱਚਿਆਂ ਨੂੰ ਚਾਈਨਾ ਡੋਰ ਦੇ ਮਾੜੇ ਪ੍ਰਭਾਵਾਂ ਪ੍ਰਤੀ ਪਾਠ ਪੜ੍ਹਾਉਣ ਅਤੇ ਦੁਕਾਨਦਾਰਾਂ ਨੂੰ ਹਦਾਇਤਾਂ ਦੇਣ ਵਾਲਾ ਸਥਾਨਕ ਪ੍ਰਸ਼ਾਸਨ ਖ਼ੁਦ ਚਾਈਨਾ ਡੋਰ ਦੀ ਵਿਕਰੀ 'ਤੇ ਨਿਗ੍ਹਾ ਰੱਖਣ ਦੇ ਵੱਡੇ-ਵੱਡੇ ਦਾਅਵੇ ਕਰਦਾ ਰਿਹਾ ਜਦ ਕਿ ਹਵਾ ਵਿਚ ਉੱਡਣ ਵਾਲੀ ਜਾਨਲੇਵਾ ਚਾਈਨਾ ਡੋਰ ਦਾ ਸੌਖਿਆਂ ਹੀ ਲੋਕਾਂ ਦੀ ਪਹੁੰਚ ਵਿਚ ਪੁੱਜ ਜਾਣਾ ਪ੍ਰਸ਼ਾਸਨਿਕ ਦਾਅਵਿਆਂ ਦਾ ਮੂੰਹ ਚਿੜਾ ਰਹੇ ਸਨ | ਜ਼ਿਕਰਯੋਗ ਹੈ ਕਿ 20 ਜਨਵਰੀ 2010 ਦੀ ਬਸੰਤ ਵਾਲੇ ਮਨਹੂਸ ਦਿਨ ਫ਼ਿਰੋਜ਼ਪੁਰ ਸ਼ਹਿਰ ਦੇ ਨਾਮਦੇਵ ਚੌਕ 'ਚ ਗ਼ੁਬਾਰੇ ਭਰਨ ਵਾਲਾ ਸਿਲੰਡਰ ਫੱਟਣ ਨਾਲ ਵਾਪਰੇ ਭਿਆਨਕ ਹਾਦਸੇ ਵਿਚ ਦੋ ਮੌਤਾਂ ਅਤੇ ਕਈ ਸ਼ਹਿਰੀਆਂ ਦੇ ਅਪਾਹਜ ਤੇ ਜ਼ਖਮੀ ਹੋ ਜਾਣ ਤੋਂ ਬਾਅਦ ਜਾਗੇ ਪ੍ਰਸ਼ਾਸਨ ਨੇ ਗੈਸੀ ਸਿਲੰਡਰ ਵਾਲੀਆਂ ਮਸ਼ੀਨਾਂ ਦੇ ਸ਼ਹਿਰ 'ਚ ਦਾਖ਼ਲੇ 'ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਸੀ, ਜੋ ਅੱਜ ਵੀ ਬਾਦਸੂਤਰ ਜਾਰੀ ਹੈ, ਜਿਨ੍ਹਾਂ ਨੂੰ ਰੋਕਣ ਲਈ ਜ਼ਿੰਮੇਵਾਰ ਪ੍ਰਸ਼ਾਸਨ ਦਾ ਕਬੂਤਰ ਵਾਂਗ ਅੱਖਾਂ ਮੀਟ ਕੇ ਬੈਠੇ ਰਹਿਣਾ ਜ਼ਾਹਿਰ ਕਰਦਾ ਹੈ ਕਿ ਇਥੇ ਕੋਈ ਕਾਇਦਾ-ਕਾਨੂੰਨ ਨਹੀਂ ਚੱਲਦਾ ਅਤੇ ਚੰਦ ਪੈਸਿਆਂ ਦੇ ਲਾਲਚ ਵੱਸ ਮੌਤ ਦੇ ਵਪਾਰੀ ਸ਼ਰੇਆਮ ਪਾਬੰਦੀ ਸ਼ੁਦਾ ਚਾਈਨਾ ਡੋਰ ਵੇਚ ਕੇ ਲੋਕਾਂ ਦੀਆਂ ਜ਼ਿੰਦਗੀਆਂ ਨਾਲ ਖੇਡ ਸਕਦੇ ਹਨ |
ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਹਵਾ 'ਚ ਤੈਰਦੀ ਚਾਈਨਾ ਡੋਰ ਨੂੰ ਸਮੇਟਣ ਲਈ ਅੱਗੇ ਆਉਣਾ ਚਾਹੀਦਾ
ਬਸੰਤ ਤਿਉਹਾਰ ਤੋਂ ਪਹਿਲਾਂ ਚਾਈਨਾ ਡੋਰ ਦੇ ਬਾਈਕਾਟ ਤੇ ਇਸ ਦੀ ਖਰੀਦ-ਵੇਚ ਖ਼ਿਲਾਫ਼ ਵੱਡੇ-ਵੱਡੇ ਬਿਆਨ ਦੇਣ ਵਾਲੀਆਂ ਕੁਝ ਸਮਾਜ ਸੇਵੀ ਸੰਸਥਾਵਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਭਰੇ ਬਿਆਨ ਦਾਗ਼ਣ ਵਾਲੀਆਂ ਧਾਰਮਿਕ ਸੰਸਥਾਵਾਂ ਦੇ ਆਗੂ ਬਸੰਤ ਦੇ ਦਿਨਾਂ ਦੌਰਾਨ ਚਾਈਨਾ ਡੋਰ ਦੀ ਖੁੱਲ੍ਹੀ ਵਿੱਕਰੀ ਅਤੇ ਵਰਤੋਂ 'ਤੇ ਅੱਖਾਂ ਮੀਚ ਕੇ ਬੈਠੇ ਨਜ਼ਰ ਆਏ | ਸ਼ਹਿਰ ਦੇ ਸੁਹਿਰਦ ਤੇ ਜਾਗਰੂਕ ਬਾਸ਼ਿੰਦਿਆਂ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬੇਸ਼ੱਕ ਬਣਦੀ ਕਾਰਵਾਈ ਨਹੀਂ ਕੀਤੀ, ਪਰ ਸਮਾਜਿਕ ਸੰਸਥਾਵਾਂ ਵੀ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਤੋਂ ਭੱਜਦੀਆਂ ਨਜ਼ਰ ਆਈਆਂ | ਉਨ੍ਹਾਂ ਕਿਹਾ ਕਿ ਸਿਰਫ਼ ਅਖ਼ਬਾਰਾਂ 'ਚ ਬਿਆਨ ਛਪਵਾ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਨਹੀਂ ਝਾੜਿਆ ਜਾ ਸਕਦਾ | ਉਨ੍ਹਾਂ ਦਾ ਕਹਿਣਾ ਹੈ ਕਿ ਜੇ ਇਹ ਸੰਸਥਾਵਾਂ ਸੱਚਮੁੱਚ ਚਾਈਨਾ ਡੋਰ ਨਾਲ ਹੋ ਰਹੀਆਂ ਦੁਰਘਟਨਾਵਾਂ ਅਤੇ ਜਾਨੀ ਨੁਕਸਾਨ ਪ੍ਰਤੀ ਚਿੰਤਤ ਹਨ, ਤਾਂ ਉਨ੍ਹਾਂ ਨੂੰ ਬਸੰਤ ਤੋਂ ਅਗਲੇ ਦਿਨ ਘਰਾਂ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਅਤੇ ਸ਼ਹਿਰ ਦੀਆਂ ਗਲੀਆਂ, ਬਾਜ਼ਾਰਾਂ ਵਿਚ ਥਾਂ-ਥਾਂ ਲਟਕ ਰਹੀ ਚਾਈਨਾ ਡੋਰ ਨੂੰ ਇਕੱਠਾ ਕਰਕੇ ਨਸ਼ਟ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸੜਕਾਂ 'ਤੇ ਹਵਾ ਵਿਚ ਤੈਰਦੀ ਇਹ ਘਾਤਕ ਡੋਰ ਕਿਸੇ ਵੀ ਰਾਹਗੀਰ ਲਈ ਜਾਨਲੇਵਾ ਸਾਬਤ ਨਾ ਹੋਵੇ | ਜਾਗਰੂਕ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਤੱਕ ਬਿਆਨਾਂ ਦੀ ਥਾਂ ਅਮਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਚਾਈਨਾ ਡੋਰ ਵਰਗੇ ਖ਼ਤਰਨਾਕ ਰੁਝਾਨਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੀ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਜ਼ਿਲੇ੍ਹ ਭਰ 'ਚ ਬਸੰਤ ਪੰਚਮੀ ਦੀ ਧੂਮ-ਛੱਤਾਂ 'ਤੇ ਪਤੰਗਾਂ, ਦਿਲਾਂ ਵਿਚ ਖ਼ੁਸ਼ੀ ਅਗਲੀ ਖ਼ਬਰ ਧੁੰਦ ਦੇ ਮੌਸਮ 'ਚ ਸੁਰੱਖਿਅਤ ਅਤੇ ਨਿਰਵਿਘਨ ਰੇਲ ਸੰਚਾਲਨ ਲਈ ਲੋਕੋ ਪਾਇਲਟਾਂ ਵਲੋਂ ਵਰਤੀ ਜਾ ਰਹੀ ਚੌਕਸੀ
Ad Position 24