ਅਬੋਹਰ, 24 ਜਨਵਰੀ (ਵਿਵੇਕ ਹੂੜੀਆ)-ਅਬੋਹਰ ਸ਼ਹਿਰ 'ਚ ਚੋਰੀ ਦੀਆਂ ਵਧ ਰਹੀਆਂ ਘਟਨਾਵਾਂ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ | ਅੱਜ ਸ਼ਹਿਰ 'ਚ ਤਿੰਨ ਵੱਖ-ਵੱਖ ਥਾਵਾਂ 'ਤੇ ਹੋਈਆਂ ਚੋਰੀਆਂ ਨੇ ਪੁਲਿਸ ਦੀ ਸੁਰੱਖਿਆ ਦੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ | ਇਹ ਤਿੰਨੇ ਘਟਨਾਵਾਂ ਥਾਣਾ ਸਿਟੀ-1 ਦੇ ਅਧਿਕਾਰ ਖੇਤਰ 'ਚ ਵਾਪਰੀਆਂ ਹਨ | ਪਹਿਲੀ ਘਟਨਾ ਸਿਵਲ ਹਸਪਤਾਲ ਵਿਚ ਵਾਪਰੀ, ਜਿਥੇ ਪਿੰਡ ਦੁਤਾਰਾਂਵਾਲੀ ਦਾ ਰਹਿਣ ਵਾਲਾ ਕਾਲੂ ਰਾਮ ਆਪਣੀਆਂ ਅੱਖਾਂ ਦਾ ਚੈੱਕਅਪ ਕਰਵਾਉਣ ਆਇਆ ਸੀ | ਅਣਪਛਾਤੇ ਚੋਰਾਂ ਨੇ ਬੜੀ ਸਫ਼ਾਈ ਨਾਲ ਉਸ ਦੀ ਜੇਬ 'ਚੋਂ 22 ਹਜ਼ਾਰ ਰੁਪਏ ਦੀ ਨਕਦੀ ਉਡਾ ਲਈ | ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਦਿੱਤੀ ਹੈ, ਪਰ ਚੋਰਾਂ ਦਾ ਕੋਈ ਸੁਰਾਗ ਨਹੀਂ ਲੱਗ ਸਕਿਆ | ਦੂਜੀ ਘਟਨਾ ਵੀ ਹਸਪਤਾਲ ਕੰਪਲੈਕਸ ਦੀ ਹੈ | ਸੇਤੀਆ ਕਾਲੋਨੀ ਦਾ ਨਿਵਾਸੀ ਦਿਨੇਸ਼ ਕੁਮਾਰ, ਜਿਸ ਦੇ ਦੋ ਪੁੱਤਰ ਹਸਪਤਾਲ 'ਚ ਇਲਾਜ ਅਧੀਨ ਹਨ, ਆਪਣੇ ਬੱਚਿਆਂ ਦਾ ਹਾਲ-ਚਾਲ ਜਾਣਨ ਲਈ ਮੋਟਰਸਾਈਕਲ 'ਤੇ ਆਇਆ ਸੀ | ਜਦੋਂ ਉਹ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਗ਼ਾਇਬ ਸੀ | ਪੀੜਤ ਦਿਨੇਸ਼ ਦਾ ਰੋ-ਰੋ ਕੇ ਬੁਰਾ ਹਾਲ ਸੀ, ਕਿਉਂਕਿ ਉਹ ਪਹਿਲਾਂ ਹੀ ਆਪਣੇ ਬੱਚਿਆਂ ਦੀ ਗੰਭੀਰ ਹਾਲਤ ਕਾਰਨ ਪ੍ਰੇਸ਼ਾਨ ਸੀ ਤੇ ਉੱਪਰੋਂ ਉਸ ਦਾ ਮੋਟਰਸਾਈਕਲ ਚੋਰੀ ਹੋ ਗਿਆ | ਤੀਜੀ ਵਾਰਦਾਤ ਮਲੋਟ ਬਾਈਪਾਸ ਨੇੜੇ 'ਭੋਲੇ ਦੇ ਢਾਬੇ' ਦੇ ਪਿੱਛੇ ਸਥਿਤ ਇਕ ਰਿਹਾਇਸ਼ੀ ਮਕਾਨ ਵਿਚ ਹੋਈ | ਇਥੇ ਦੇਰ ਰਾਤ ਕਾਰ 'ਚ ਸਵਾਰ ਹੋ ਕੇ ਆਏ ਤਿੰਨ ਚੋਰਾਂ ਨੇ ਬੜੀ ਬੇਖ਼ੌਫੀ ਨਾਲ ਚੋਰੀ ਕੀਤੀ | ਚੋਰ ਪਹਿਲਾਂ ਘਰ ਦੇ ਬਾਹਰ ਪਿਆ ਗੈੱਸ ਸਿਲੰਡਰ ਚੁੱਕ ਕੇ ਲੈ ਗਏ ਤੇ ਦੁਬਾਰਾ ਵਾਪਸ ਆ ਕੇ ਵਾਸ਼ਿੰਗ ਮਸ਼ੀਨ ਵੀ ਕਾਰ 'ਚ ਲੱਦ ਕੇ ਫ਼ਰਾਰ ਹੋ ਗਏ | ਇਹ ਸਾਰੀ ਘਟਨਾ ਘਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ | ਥਾਣਾ ਸਿਟੀ-1 ਦੇ ਮੁਖੀ ਨੇ ਦੱਸਿਆ ਕਿ ਮਾਮਲਿਆਂ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ | ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਉਨ੍ਹਾਂ ਨੂੰ ਜਲਦੀ ਹੀ ਗਿ੍ਫ਼ਤਾਰ ਕਰ ਲਿਆ ਜਾਵੇਗਾ | ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਇਸ ਵੇਲੇ ਗਣਤੰਤਰ ਦਿਵਸ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ, ਜਿਸ ਦਾ ਫ਼ਾਇਦਾ ਚੁੱਕਦਿਆਂ ਸ਼ਰਾਰਤੀ ਅਨਸਰ ਬਿਨਾਂ ਕਿਸੇ ਡਰ ਤੋਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ |