ਫ਼ਿਰੋਜ਼ਪੁਰ, 24 ਜਨਵਰੀ (ਸੁਖਵਿੰਦਰ ਸਿੰਘ)-ਸ਼ਹਿਰ ਵਿਚ ਦੇਵ ਸਮਾਜ ਕਾਲਜ ਦੇ ਪਿੱਛੇ ਗੋਲ ਬਾਗ਼ ਇਲਾਕੇ ਦੇ ਕਬਾੜ ਗੁਦਾਮ 'ਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਿਕ ਬਿਜਲੀ ਸਪਲਾਈ ਬੰਦ ਹੋਣ ਦੇ ਬਾਵਜੂਦ ਅੱਗ ਲੱਗੀ, ਜਿਸ ਦਾ ਕਾਰਨ ਬਸੰਤ ਦੇ ਤਿਉਹਾਰ ਮੌਕੇ ਲੋਕਾਂ ਵਲੋਂ ਉਡਾਈਆਂ ਗਈਆਂ ਚੰਡੋਲਾਂ ਦੱਸਿਆ ਜਾ ਰਿਹਾ ਹੈ | ਅੱਗ ਕਾਰਨ ਗੁਦਾਮ 'ਚ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਤੇ ਭਾਰੀ ਮਾਤਰਾ 'ਚ ਪਿਆ ਕਬਾੜ ਸੜ ਕੇ ਸੁਆਹ ਹੋ ਗਿਆ | ਜਿਸ ਕਾਰਨ ਲੱਖਾਂ ਰੁਪਿਆ ਦਾ ਨੁਕਸਾਨ ਹੋਇਆ ਹਾਲਾਂਕਿ ਇਸ ਘਟਨਾ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਮੌਕੇ 'ਤੇ ਪਹੁੰਚੇ ਕਬਾੜ ਗੋਦਾਮ ਦੇ ਮਾਲਕ ਵਿੱਕੀ ਨੇ ਦੱਸਿਆ ਕਿ ਰਾਤ ਬਸੰਤ ਕਰਕੇ ਲੋਕਾਂ ਵਲੋਂ ਚਲਾਈਆਂ ਗਈਆਂ ਚੰਡੋਲਾਂ ਦੇ ਕਾਰਨ ਕਬਾੜ ਗੁਦਾਮ 'ਚ ਖੜ੍ਹੀ ਮਹਿੰਦਰਾ ਪਿਕਅਪ ਗੱਡੀ ਜੋ ਕਿ ਕਿਸ਼ਤਾਂ 'ਤੇ ਲਈ ਹੋਈ ਸੀ ਅਜੇ ਉਸ ਦੀਆਂ ਕਿਸ਼ਤਾਂ ਦੇਣੀਆਂ ਬਾਕੀ ਸਨ ਤੇ ਹੋਰ ਭਾਰੀ ਮਾਤਰਾ ਦੇ ਵਿਚ ਪਿਆ ਹੋਇਆ ਕਬਾੜ ਜੋ ਕਿ ਅੱਗ ਦੇ ਨਾਲ ਸੁਆਹ ਹੋ ਗਿਆ | ਉਨ੍ਹਾਂ ਦੱਸਿਆ ਕਿ ਅੱਗ ਦੀਆਂ ਲਾਟਾਂ ਇੰਨੀ ਤੇਜ਼ ਸਨ ਕਿ ਸ਼ੁਰੂ 'ਚ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ | ਇਲਾਕੇ ਦੇ ਲੋਕਾਂ ਵਲੋਂ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਫਾਇਰ ਬਿ੍ਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਕਾਫ਼ੀ ਜੱਦੋ-ਜਹਿਦ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ | ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ 'ਚ ਅੱਗ ਲੱਗਣ ਦਾ ਕਾਰਨ ਚੰਡੋਲਾਂ ਨੂੰ ਮੰਨਿਆ ਜਾ ਰਿਹਾ ਹੈ |