ਫ਼ਾਜ਼ਿਲਕਾ, 24 ਜਨਵਰੀ (ਦਵਿੰਦਰ ਪਾਲ ਸਿੰਘ)-ਸਥਾਨਕ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ 'ਚ ਗਣਤੰਤਰ ਦਿਵਸ ਦਾ ਪਵਿੱਤਰ ਤਿਉਹਾਰ ਮਨਾਇਆ | ਸਕੂਲ ਦਾ ਵਿਹੜਾ ਤਿਰੰਗੇ ਦੇ ਤਿੰਨਾਂ ਰੰਗਾਂ ਤੇ ਦੇਸ਼ ਭਗਤੀ ਦੇ ਗੀਤਾਂ ਨਾਲ ਗੂੰਜ ਰਿਹਾ ਸੀ | ਚੇਅਰਮੈਨ ਅਨਿਲ ਜੈਨ ਦੀ ਪ੍ਰਧਾਨਗੀ ਹੇਠ ਕਰਵਾਏ ਸਮਾਗਮ ਨੇ ਵਿਦਿਆਰਥੀਆਂ ਦੇ ਅੰਦਰ ਦੇਸ਼ ਪ੍ਰੇਮ ਦੀ ਜੋਤ ਜਗਾਈ | ਪ੍ਰੋਗਰਾਮ ਦੀ ਸ਼ੁਰੂਆਤ ਚੇਅਰਮੈਨ ਅਨਿਲ ਜੈਨ, ਪਿ੍ੰਸੀਪਲ ਨਰੇਸ਼ ਸਪੜਾ ਤੇ ਵਾਈਸ ਪਿ੍ੰਸੀਪਲ ਸ਼ੀਨਮ ਧੂੜੀਆ ਵਲੋਂ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ | ਉਤਸਵ ਦੌਰਾਨ ਸਕੂਲ ਦੇ ਚੇਅਰਮੈਨ ਅਨਿਲ ਜੈਨ ਨੇ ਆਪਣੇ ਸੰਬੋਧਨ 'ਚ ਗਣਤੰਤਰ ਦਿਵਸ ਦੀ ਮਹੱਤਤਾ 'ਤੇ ਰੌਸ਼ਨੀ ਪਾਉਂਦਿਆਂ ਇਸ ਨੂੰ ਅਧਿਕਾਰਾਂ ਤੇ ਕਰਤੱਵਾਂ ਦੇ ਸੁਮੇਲ ਦਾ ਦਿਨ ਦੱਸਿਆ | ਪਿ੍ੰਸੀਪਲ ਨਰੇਸ਼ ਸਪੜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗਣਤੰਤਰ ਦਿਵਸ ਸਿਰਫ਼ ਇਕ ਉਤਸਵ ਨਹੀਂ ਹੈ, ਸਗੋਂ ਉਨ੍ਹਾਂ ਸ਼ਹੀਦਾਂ ਨੂੰ ਨਮਨ ਕਰਨ ਦਾ ਦਿਨ ਹੈ, ਜਿਨ੍ਹਾਂ ਦੀ ਕੁਰਬਾਨੀ ਸਦਕਾ ਸਾਨੂੰ ਇਹ ਸੰਵਿਧਾਨ ਪ੍ਰਾਪਤ ਹੋਇਆ ਹੈ | ਉਪ-ਪਿ੍ੰਸੀਪਲ ਸ਼ੀਨਮ ਧੂੜੀਆ ਦੇ ਕੁਸ਼ਲ ਤਾਲਮੇਲ ਤੇ ਮਾਰਗਦਰਸ਼ਨ ਹੇਠ ਕਰਵਾਏ ਪ੍ਰੋਗਰਾਮ ਨੇ ਵਿਦਿਆਰਥੀਆਂ ਨੂੰ ਭਾਰਤੀ ਲੋਕਤੰਤਰੀ ਕਦਰਾਂ-ਕੀਮਤਾਂ ਤੋਂ ਜਾਣੂ ਕਰਵਾਇਆ | ਸਕੂਲ ਦੇ ਇਸ ਸਮੂਹਿਕ ਯਤਨ ਨੇ ਸਿੱਖਿਆ ਦੇ ਨਾਲ-ਨਾਲ ਰਾਸ਼ਟਰੀ ਏਕਤਾ ਦੇ ਸੰਦੇਸ਼ ਨੂੰ ਵਿਦਿਆਰਥੀਆਂ ਦੇ ਮਨਾਂ ਵਿਚ ਮਜ਼ਬੂਤੀ ਨਾਲ ਅੰਕਿਤ ਕੀਤਾ | ਸਮਾਗਮ ਦੌਰਾਨ ਮੰਚ 'ਤੇ ਨਿੱਕੇ ਕਲਾਕਾਰਾਂ ਨੇ ਦੇਸ਼ ਭਗਤੀ ਨਾਲ ਭਰਪੂਰ ਗੀਤਾਂ, ਨਾਚ ਤੇ ਕਵਿਤਾਵਾਂ ਰਾਹੀਂ ਸਮਾਂ ਬੰਨ੍ਹ ਦਿੱਤਾ | ਵਿਦਿਆਰਥੀਆਂ ਵਲੋਂ ਪੇਸ਼ ਕੀਤੇ ਗਏ ਭਾਸ਼ਨਾਂ ਅਤੇ ਲਘੂ ਨਾਟਕਾਂ ਨੇ ਭਾਰਤੀ ਸੁਤੰਤਰਤਾ ਸੰਗਰਾਮ ਦੀਆਂ ਗਾਥਾਵਾਂ ਨੂੰ ਮੁੜ ਜੀਵਤ ਕਰ ਦਿੱਤਾ | ਇਨ੍ਹਾਂ ਪੇਸ਼ਕਾਰੀਆਂ ਨੇ ਨਾ ਸਿਰਫ਼ ਮਨੋਰੰਜਨ ਕੀਤਾ ਸਗੋਂ ਵਿਭਿੰਨਤਾ ਵਿਚ ਏਕਤਾ ਦੀ ਭਾਰਤੀ ਭਾਵਨਾ ਨੂੰ ਵੀ ਬਾਖ਼ੂਬੀ ਦਰਸਾਇਆ | ਤਿਰੰਗੇ ਦੇ ਪਹਿਰਾਵੇ ਵਿਚ ਸਜੇ ਬੱਚਿਆਂ ਨੇ ਆਪਣੀ ਕਲਾ ਰਾਹੀਂ ਦੇਸ਼ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ | ਸਮਾਗਮ ਦੇ ਅੰਤਿਮ ਪੜਾਅ 'ਚ ਵਿਦਿਆਰਥੀਆਂ ਨੂੰ ਗਣਤੰਤਰ ਦਿਵਸ ਦੀਆਂ ਹਾਰਦਿਕ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਤੇ ਮਿਠਾਈ ਵੰਡੀ ਗਈ | ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ ਵਲੋਂ ਕਰਵਾਇਆ ਇਹ ਸਮਾਗਮ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਇਕ ਵੱਡਾ ਸਰੋਤ ਬਣਿਆ | ਪ੍ਰੋਗਰਾਮ ਦਾ ਸਮਾਪਨ ਦੇਸ਼ ਦੇ ਉੱਜਵਲ ਭਵਿੱਖ ਦੀ ਕਾਮਨਾ ਅਤੇ 'ਭਾਰਤ ਮਾਤਾ ਦੀ ਜੈ' ਦੇ ਨਾਅਰਿਆਂ ਨਾਲ ਹੋਇਆ |