ਫ਼ਾਜ਼ਿਲਕਾ, 24 ਜਨਵਰੀ (ਅਮਰਜੀਤ ਸ਼ਰਮਾ)-ਪੰਜਾਬ ਸਰਕਾਰ ਵਲੋਂ 2 ਹਜ਼ਾਰ ਪੀ. ਟੀ. ਆਈ. ਅਧਿਆਪਕਾਂ ਦੀ ਭਰਤੀ ਦਾ ਇਸ਼ਤਿਹਾਰ ਰੱਦ ਕੀਤੇ ਜਾਣ ਤੋਂ ਬਾਅਦ ਬੇਰੁਜ਼ਗਾਰ ਸਰੀਰਕ ਸਿੱਖਿਆ ਅਧਿਆਪਕ ਦਾ ਸਰਕਾਰ ਪ੍ਰਤੀ ਗ਼ੁੱਸਾ ਆਏ ਦਿਨ ਵਧਦਾ ਜਾ ਰਿਹਾ ਹੈ | ਇਸ ਸੰਬੰਧੀ ਸੂਬਾ ਪ੍ਰਧਾਨ ਯਾਦਵਿੰਦਰ ਸਿੰਘ, ਸੋਹਣ ਰਾਏ, ਸਵਰਨ ਸਿੰਘ, ਰਮਨ ਬੈਂਸ, ਸੰਦੀਪ ਕੁਮਾਰ, ਕੁਲਵੰਤ ਕੁਮਾਰ, ਲਵਪ੍ਰੀਤ, ਸੁਖਜੀਵਨ ਸਿੰਘ ਆਦਿ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਅਗਸਤ 2025 ਨੂੰ ਪੀ. ਟੀ. ਆਈ. ਅਧਿਆਪਕਾਂ ਦੀ ਭਰਤੀ ਦਾ ਕੱਢਿਆ ਗਿਆ ਇਸ਼ਤਿਹਾਰ ਸਿਰਫ਼ ਡੀ. ਪੀ. ਐੱਡ ਨੂੰ ਹੀ ਪੀ. ਟੀ. ਆਈ. ਪੋਸਟਾਂ ਲਈ ਮਾਨਤਾ ਦੇਣ ਤੋਂ ਬਾਅਦ ਰੱਦ ਕਰ ਦਿੱਤਾ ਸੀ | ਜਿਸ ਤੋਂ ਬਾਅਦ ਯੂਨੀਅਨ ਆਗੂ ਲਵਪ੍ਰੀਤ ਤੇ ਰਮਨ ਬੈਂਸ ਵਲੋਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ | ਜਿਸ 'ਤੇ ਹਾਈ ਕੋਰਟ ਵਲੋਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਝਾੜ ਪਾਉਂਦੇ ਹੋਏ ਨਿਰਦੇਸ਼ ਦਿੱਤੇ ਗਏ ਸਨ ਕਿ ਪੀ. ਟੀ. ਆਈ. ਪੋਸਟਾਂ ਲਈ ਬੀ. ਪੀ. ਐੱਡ ਨੂੰ ਕਿਸੇ ਵੀ ਹਾਲਾਤਾਂ 'ਚ ਬਾਹਰ ਨਹੀਂ ਕੀਤਾ ਜਾ ਸਕਦਾ ਤੇ ਜਲਦ ਸੋਧ ਕਰਕੇ ਦੁਬਾਰਾ ਪੋਰਟਲ ਖੋਲ੍ਹਣ ਦੇ ਨਿਰਦੇਸ਼ ਦਿੱਤੇ ਗਏ ਹਨ ਪਰ ਪੰਜਾਬ ਸਰਕਾਰ ਨੇ ਉਕਤ ਪੀ. ਟੀ. ਆਈ. ਪੋਸਟਾਂ ਠੰਢੇ ਬਸਤੇ 'ਚ ਪਾ ਦਿੱਤੀਆਂ, ਜਿਸ ਕਾਰਨ ਉਨ੍ਹਾਂ ਨੂੰ ਪੀ. ਟੀ. ਆਈ. ਅਧਿਆਪਕਾਂ ਦੀ ਭਰਤੀ ਲਈ ਵਾਰ-ਵਾਰ ਸੰਘਰਸ਼ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੰਜਾਬ ਸਰਕਾਰ ਵਲੋਂ ਪੀ. ਟੀ. ਆਈ. ਅਧਿਆਪਕਾਂ ਦੀ ਭਰਤੀ ਜਲਦ ਨਾ ਕੀਤੀ ਗਈ ਤਾਂ ਯੂਨੀਅਨ ਦੇ ਆਗੂ ਵੱਡੀ ਗਿਣਤੀ ਵਿਚ 26 ਜਨਵਰੀ ਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਕਾਲੀਆਂ ਝੰਡੀਆਂ ਦਿਖਾ ਕੇ ਘਿਰਾਓ ਕਰਨਗੇ |