ਫ਼ਾਜ਼ਿਲਕਾ, 24 ਜਨਵਰੀ (ਦਵਿੰਦਰ ਪਾਲ ਸਿੰਘ)-ਪਿਛਲੇ ਸਮੇਂ ਦੌਰਾਨ ਆਏ ਭਿਆਨਕ ਹੜ੍ਹਾਂ ਦੌਰਾਨ ਰਾਹਤ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਲਗ਼ੀਧਰ ਟਰੱਸਟ ਬੜੂ ਸਾਹਿਬ ਵਲੋਂ ਹੁਣ ਮੁੜ ਵਸੇਬੇ ਦੇ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ | ਇਸੇ ਲੜੀ ਤਹਿਤ ਟਰੱਸਟ ਵਲੋਂ ਪਿੰਡ ਗੁਲਾਬਾ ਭੈਣੀ ਵਿਖੇ ਇਕ ਹੜ੍ਹ ਪ੍ਰਭਾਵਿਤ ਪਰਿਵਾਰ ਨੂੰ ਨਵਾਂ ਮਕਾਨ ਬਣਾ ਕੇ ਦਿੱਤਾ ਗਿਆ ਹੈ | ਇਸ ਮੌਕੇ ਜ਼ਿਲ੍ਹਾ ਹਸਪਤਾਲ ਫ਼ਾਜ਼ਿਲਕਾ ਵਿਚ ਤਾਇਨਾਤ ਪੇਟ ਰੋਗ ਮਾਹਿਰ ਤੇ ਉੱਘੇ ਸਮਾਜ ਸੇਵੀ ਡਾ. ਅਰਪਿਤ ਗੁਪਤਾ ਨੇ ਸ਼ਿਰਕਤ ਕੀਤੀ | ਉਨ੍ਹਾਂ ਨੇ ਆਪਣੇ ਹੱਥਾਂ ਨਾਲ ਨਵੇਂ ਘਰ ਦੀ ਚਾਬੀ ਪ੍ਰਭਾਵਿਤ ਪਰਿਵਾਰ ਨੂੰ ਸੌਂਪ ਕੇ ਮਾਨਵਤਾ ਦੀ ਸੇਵਾ ਦੀ ਇਕ ਵੱਡੀ ਮਿਸਾਲ ਪੇਸ਼ ਕੀਤੀ | ਮੌਕੇ 'ਤੇ ਮੌਜੂਦ ਕਲਗ਼ੀਧਰ ਟਰੱਸਟ ਬੜੂ ਸਾਹਿਬ ਦੇ ਸੇਵਾਦਾਰ ਭਾਈ ਸੁਖਦੇਵ ਸਿੰਘ ਨੇ ਦੱਸਿਆ ਕਿ ਟਰੱਸਟ ਦੇ ਮੁੱਖ ਸੇਵਾਦਾਰ ਤੇ ਪ੍ਰਧਾਨ ਡਾ.ਦੇਵਿੰਦਰ ਸਿੰਘ ਅਤੇ ਉਪ-ਪ੍ਰਧਾਨ ਬਾਬਾ ਜਗਜੀਤ ਸਿੰਘ (ਕਾਕਾ ਵੀਰ) ਦੀ ਅਗਵਾਈ ਹੇਠ ਪੂਰੇ ਪੰਜਾਬ 'ਚ ਵੱਡੇ ਪੱਧਰ 'ਤੇ ਰਾਹਤ ਕਾਰਜ ਚਲਾਏ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਗੁਰਦਾਸਪੁਰ, ਅੰਮਿ੍ਤਸਰ ਅਤੇ ਫ਼ਿਰੋਜ਼ਪੁਰ ਸਮੇਤ ਕਈ ਜ਼ਿਲਿ੍ਹਆਂ ਵਿਚ ਸੈਂਕੜੇ ਪਰਿਵਾਰਾਂ ਨੂੰ ਨਵੇਂ ਮਕਾਨ ਬਣਾ ਕੇ ਦਿੱਤੇ ਜਾ ਚੁੱਕੇ ਹਨ | ਉਨ੍ਹਾਂ ਅੱਗੇ ਦੱਸਿਆ ਕਿ ਫ਼ਾਜ਼ਿਲਕਾ ਦੇ ਸਰਹੱਦੀ ਪਿੰਡਾਂ ਵਿਚ ਵੀ ਟਰੱਸਟ ਵਲੋਂ ਹੜ੍ਹ ਪੀੜਤਾਂ ਨੂੰ ਜ਼ਰੂਰੀ ਸਾਮਾਨ ਮੁਹੱਈਆ ਕਰਵਾਇਆ ਗਿਆ ਹੈ ਤੇ ਕਈ ਪਰਿਵਾਰਾਂ ਦੇ ਮਕਾਨਾਂ ਦੀ ਉਸਾਰੀ ਦਾ ਕੰਮ ਅਜੇ ਵੀ ਜਾਰੀ ਹੈ | ਪਿੰਡ ਗੁਲਾਬਾ ਭੈਣੀ 'ਚ ਤਿਆਰ ਕੀਤੇ ਗਏ ਪਹਿਲੇ ਮਕਾਨ ਦੀ ਚਾਬੀ ਅੱਜ ਸੌਂਪ ਦਿੱਤੀ ਗਈ ਹੈ | ਇਸ ਮੌਕੇ ਟਰੱਸਟ ਦੇ ਸਵੈ-ਸੇਵੀ ਸੇਵਾਦਾਰ ਸੁਖਜਿੰਦਰ ਸਿੰਘ, ਜਸਵਿੰਦਰ ਸਿੰਘ, ਮਨਦੀਪ ਸਿੰਘ, ਪਿੰਡ ਦੇ ਸਰਪੰਚ, ਪਤਵੰਤੇ ਸੱਜਣ ਤੇ ਪੀੜਤ ਪਰਿਵਾਰ ਦੇ ਮੈਂਬਰ ਵੀ ਹਾਜ਼ਰ ਸਨ |