ਮੱਖੂ, 24 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਸਾਲ 2017 ਵਿਚ ਜਦੋਂ ਸੀਨੀਅਰ ਕਾਂਗਰਸੀ ਆਗੂ ਕੁਲਬੀਰ ਸਿੰਘ ਜ਼ੀਰਾ ਹਲਕਾ ਜ਼ੀਰਾ ਤੋਂ ਵਿਧਾਇਕ ਬਣੇ ਸਨ, ਉਸ ਸਮੇਂ ਉਨ੍ਹਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਕੀਤੇ ਗਏ ਬਹੁਪੱਖੀ ਵਿਕਾਸ ਕਾਰਜਾਂ ਨੂੰ ਅੱਜ ਵੀ ਹਲਕੇ ਦੇ ਲੋਕ ਯਾਦ ਕਰਦੇ ਹਨ | ਲੋਕਾਂ ਦੀ ਇਹੀ ਮੰਗ ਹੈ ਕਿ ਹਲਕਾ ਜ਼ੀਰਾ ਦੀ ਵਾਗਡੋਰ ਮੁੜ ਇਕ ਵਾਰ ਫਿਰ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਹੱਥਾਂ ਵਿਚ ਆਵੇ | ਇਹ ਵਿਚਾਰਾਂ ਸੀਨੀਅਰ ਕਾਂਗਰਸੀ ਆਗੂ ਜਥੇਦਾਰ ਮਹਿੰਦਰਜੀਤ ਸਿੰਘ ਜ਼ੀਰਾ (ਸਾਬਕਾ ਚੇਅਰਮੈਨ, ਬਲਾਕ ਸੰਮਤੀ ਜ਼ੀਰਾ) ਤੇ ਜ਼ੀਰਾ ਪਰਿਵਾਰ ਨਾਲ ਪੁਰਾਣੇ ਜੁੜੇ ਕਾਂਗਰਸੀ ਆਗੂ ਬਖ਼ਸ਼ੀਸ਼ ਸਿੰਘ ਨੰਗਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀਆਂ | ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਜੋ ਕਾਂਗਰਸੀ ਆਗੂ ਅਤੇ ਵਰਕਰ ਪਾਰਟੀ ਛੱਡ ਕੇ ਹੋਰ ਪਾਰਟੀਆਂ ਵਿਚ ਸ਼ਾਮਿਲ ਹੋ ਗਏ ਸਨ, ਉਹ ਹੁਣ ਮੁੜ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ 'ਤੇ ਭਰੋਸਾ ਜਤਾਉਂਦੇ ਹੋਏ ਕਾਂਗਰਸ ਪਾਰਟੀ ਨਾਲ ਦੁਬਾਰਾ ਜੁੜ ਰਹੇ ਹਨ | ਉਨ੍ਹਾਂ ਨੇ ਕਿਹਾ ਕਿ ਜੇਕਰ ਹਲਕਾ ਜ਼ੀਰਾ 'ਚ ਮੁੜ ਤੋਂ ਵਿਕਾਸ ਦੀ ਰਫ਼ਤਾਰ ਚਾਹੀਦੀ ਹੈ ਤਾਂ ਹਲਕੇ ਦੇ ਲੋਕਾਂ ਨੂੰ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੂੰ ਦਿਲੋਂ ਸਹਿਯੋਗ ਦੇਣਾ ਹੋਵੇਗਾ, ਤਾਂ ਜੋ ਰੁਕੇ ਹੋਏ ਵਿਕਾਸ ਕਾਰਜ ਮੁੜ ਸ਼ੁਰੂ ਹੋ ਸਕਣ | ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਕਾਂਗਰਸ ਪਾਰਟੀ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ ਹੇਠ ਲਗਾਤਾਰ ਮਜ਼ਬੂਤੀ ਵੱਲ ਵੱਧ ਰਹੀ ਹੈ |