ਮਮਦੋਟ, 30 ਜਨਵਰੀ (ਰਾਜਿੰਦਰ ਸਿੰਘ ਹਾਂਡਾ/ਸੁਖਦੇਵ ਸਿੰਘ ਸੰਗਮ)-ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਤੋਂ ਵਿਧਾਇਕ ਐਡਵੋਕੇਟ ਰਜਨੀਸ਼ ਕੁਮਾਰ ਦਹੀਆ ਵਲੋਂ ਅਚਨਚੇਤ ਸਬ ਤਹਿਸੀਲ ਮਮਦੋਟ ਤੇ ਬੀ. ਡੀ. ਪੀ. ਓ. ਦਫ਼ਤਰ ਦੀ ਚੈਕਿੰਗ ਕੀਤੀ ਗਈ | ਜਿਸ ਦੌਰਾਨ ਸਿਤਮ ਜਰੀਫੀ ਇਹ ਰਹੀ ਕਿ ਬੀ. ਡੀ. ਪੀ. ਓ. ਦੇ ਦਫ਼ਤਰੀ ਕਮਰੇ ਦਾ ਸਵੇਰ ਤੋਂ ਕਿਸੇ ਨੇ ਜਿੰਦਰਾ ਵੀ ਨਹੀਂ ਸੀ ਖੋਲਿ੍ਹਆ ਤੇ ਵਿਧਾਇਕ ਸਾਹਿਬ ਜਿੰਦਰਾ ਖੜਕਾ ਕੇ ਦੇਖਦੇ ਰਹੇ | ਇਸ ਦੌਰਾਨ ਬੀ. ਡੀ. ਪੀ. ਓ. ਦਫ਼ਤਰ ਦੇ ਸਮੁੱਚੇ ਸਟਾਫ਼ 'ਚੋਂ ਸਿਰਫ਼ ਇਕ ਕਰਮਚਾਰੀ ਹਾਜ਼ਰ ਸੀ, ਬਾਕੀ ਸਾਰੇ ਕਮਰਿਆਂ ਅੰਦਰ ਕਰਮਚਾਰੀਆਂ ਦੀਆਂ ਕੁਰਸੀਆਂ ਖ਼ਾਲੀ ਪਾਈਆਂ ਗਈਆਂ | ਇਸ ਤਰ੍ਹਾਂ ਹੀ ਸਬ ਤਹਿਸੀਲ ਦੀ ਚੈਕਿੰਗ ਦੌਰਾਨ ਜਦੋਂ ਦਫ਼ਤਰ ਖ਼ਾਲੀ ਦਿਸਿਆਂ ਤਾਂ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਬਾਰੇ ਪੁੱਛਿਆਂ ਤਾਂ ਦੱਸਿਆਂ ਗਿਆ ਕਿ ਨਾਇਬ ਤਹਿਸੀਲਦਾਰ ਲੰਮੀ ਛੁੱਟੀ 'ਤੇ ਹੋਣ ਕਾਰਨ ਤਹਿਸੀਲ ਗੁਰੂਹਰਸਹਾਏ ਦੇ ਨਾਇਬ ਕੋਲ ਮਮਦੋਟ ਸਬ ਤਹਿਸੀਲ ਦਾ ਵਾਧੂ ਚਾਰਜ ਹੈ | ਉਹ ਹਫ਼ਤੇ 'ਚ ਦੋ ਦਿਨ ਇੱਥੇ ਆਉਂਦੇ ਹਨ | ਨਾਇਬ ਤਹਿਸੀਲਦਾਰ ਦਾ ਰੀਡਰ ਕਿਸੇ ਦਫ਼ਤਰੀ ਕੇਸ ਸੰਬੰਧੀ ਅਦਾਲਤ 'ਚ ਗਿਆ ਹੋਣ ਅਤੇ ਰਜਿਸਟਰੀ ਕਲਰਕ ਦੇ ਛੁੱਟੀ 'ਤੇ ਹੋਣ ਸੰਬੰਧੀ ਵਿਧਾਇਕ ਨੂੰ ਜਾਣਕਾਰੀ ਦਿੱਤੀ ਗਈ, ਜਿਸ ਦੀ ਪੁਸ਼ਟੀ ਕਰਨ ਲਈ ਵਿਧਾਇਕ ਵਲੋਂ ਮੌਕੇ 'ਤੇ ਹੀ ਫ਼ੋਨ ਰਾਹੀ ਉੱਚ ਅਧਿਕਾਰੀਆਂ ਤੋਂ ਜਾਣਕਾਰੀ ਹਾਸਲ ਕਰਦਿਆਂ ਸਬ ਤਹਿਸੀਲ ਤੇ ਬੀ. ਡੀ. ਪੀ. ਓ. ਦਫ਼ਤਰ ਵਿਖੇ ਹਾਜ਼ਰ ਨਾ ਮਿਲਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖ਼ਿਲਾਫ਼ ਬਣਦੀ ਕਾਰਵਾਈ ਲਈ ਆਦੇਸ਼ ਦਿੱਤੇ ਗਏ | ਹੁਣ ਵੇਖਣਾ ਹੋਵੇਗਾ ਕਿ ਵਿਧਾਇਕ ਵਲੋਂ ਕੀਤੀ ਚੈਕਿੰਗ ਤੋਂ ਬਾਅਦ ਵੀ ਮਮਦੋਟ ਦੇ ਬਲਾਕ ਪੱਧਰੀ ਦਫ਼ਤਰਾਂ ਵਿਚ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਰਹਿੰਦੇ ਹਨ ਜਾਂ ਆਮ ਲੋਕਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਵੇਗਾ | ਇਸ ਮੌਕੇ ਵਿਧਾਇਕ ਦੇ ਨਾਲ ਉਨ੍ਹਾਂ ਦੇ ਨਿੱਜੀ ਸਹਾਇਕ ਰੌਬੀ ਸੰਧੂ, ਪਾਰਟੀ ਦੇ ਜ਼ਿਲ੍ਹਾ ਮੀਡੀਆ ਇੰਚਾਰਜ ਨਿਰਵੈਰ ਸਿੰਘ ਸਿੰਧੀ, ਨਗਰ ਪੰਚਾਇਤ ਦੇ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਕੌਂਸਲਰ ਸੁਰਿੰਦਰ ਸੇਠੀ, ਸੀਨੀਅਰ ਆਗੂ ਸੰਦੀਪ ਕੁਮਾਰ ਸੋਨੀ, ਸੁਭਾਸ਼ ਬੱਤਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਮੇਜਰ ਸਿੰਘ ਬੁਰਜੀ, ਸਰਪੰਚ ਸੁਖਦੇਵ ਸਿੰਘ ਸੋਢੀ ਸਮੇਤ ਹੋਰ ਵੀ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ |