ਗੁਰੂਹਰਸਹਾਏ, 1 ਫਰਵਰੀ (ਹਰਚਰਨ ਸਿੰਘ ਸੰਧੂ)-ਫ਼ਿਰੋਜ਼ਪੁਰ ਪਾਰਲੀਮੈਂਟ ਹਲਕੇ ਤੋਂ ਭਾਜਪਾ ਦੀ ਟਿਕਟ 'ਤੇ ਚੋਣ ਲੜੇ ਗੁਰੂਹਰਸਹਾਏ ਦੇ ਸਾਬਕਾ ਕੈਬਨਿਟ ਮੰਤਰੀ ਤੇ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਨੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਮੌਕੇ ਡੇਰਾ ਸੱਚਖੰਡ ਬਲਾਂ ਵਿਖੇ ਨਤਮਸਤਕ ਹੋ ਕੇ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ | ਇਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ ਨੇ ਸੰਤ ਨਿਰੰਜਨ ਦਾਸ ਨੂੰ ਭਾਰਤ ਸਰਕਾਰ ਵਲੋਂ ਮਿਲੇ 'ਪਦਮਸ੍ਰੀ' ਸਨਮਾਨ ਲਈ ਵਧਾਈ ਭੇਟ ਕੀਤੀ | ਜਿਸ 'ਤੇ ਡੇਰਾ ਪ੍ਰਬੰਧਕ ਕਮੇਟੀ ਤੇ ਸੰਗਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਇਹ ਸਨਮਾਨ ਸਮੂਹ ਰਵਿਦਾਸੀਆ ਸਮਾਜ ਲਈ ਬੇਹੱਦ ਮਾਣ ਤੇ ਗੌਰਵ ਦੀ ਗੱਲ ਹੈ | ਰਾਣਾ ਗੁਰਮੀਤ ਸਿੰਘ ਸੋਢੀ ਨੇ ਕਿਹਾ ਗੁਰੂ ਰਵਿਦਾਸ ਜੀ ਦੇ ਵਿਖਾਏ ਰਸਤੇ 'ਤੇ ਚੱਲ ਕੇ ਸਾਨੂੰ ਊਚ ਨੀਚ ਦਾ ਭੇਦ ਭਾਵ ਮਿਟਾ ਕੇ ਬਰਾਬਰ ਸਾਂਝੀਵਾਲਤਾ ਦਾ ਸੰਦੇਸ਼ ਲੈ ਕੇ ਪੰਜਾਬ ਦੀ ਤਰੱਕੀ ਤੇ ਖ਼ੁਸ਼ਹਾਲੀ ਲਈ ਅੱਗੇ ਆਉਣਾ ਚਾਹੀਦਾ ਹੈ |