ਜ਼ੀਰਾ, 2 ਫਰਵਰੀ (ਰਜਨੀਸ਼ ਕਥੂਰੀਆ/ਪ੍ਰਤਾਪ ਸਿੰਘ ਹੀਰਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਪੰਜਾਬ ਵਿਚ ਜ਼ਿਲ੍ਹਾ ਪੱਧਰ 'ਤੇ ਕੀਤੀਆਂ ਜਾ ਰਹੀਆਂ ਕਿਸਾਨ ਮਹਾਂ ਪੰਚਾਇਤਾਂ ਦੀ ਸ਼ੁਰੂਆਤ ਯੂਨੀਅਨ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਦੀ ਪ੍ਰਧਾਨਗੀ ਹੇਠ ਅਨਾਜ ਮੰਡੀ ਜ਼ੀਰਾ ਵਿਖੇ ਇਕ ਵੱਡਾ ਇਕੱਠ ਕਰਕੇ ਕੀਤੀ ਗਈ | ਇਸ ਕਿਸਾਨ ਮਹਾਂ ਪੰਚਾਇਤ 'ਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੀਆਂ ਵੱਖ-ਵੱਖ ਇਕਾਈਆਂ ਦੇ ਵੱਡੀ ਗਿਣਤੀ ਵਿਚ ਕਿਸਾਨ ਆਗੂਆਂ ਅਤੇ ਵਰਕਰਾਂ ਤੋਂ ਇਲਾਵਾ ਵਪਾਰਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਆੜ੍ਹਤੀ ਐਸੋਸੀਏਸ਼ਨ ਜ਼ੀਰਾ ਨੇ ਵੀ ਪਹੁੰਚ ਕੇ ਸਮਰਥਨ ਦਿੱਤਾ | ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਕਾਰਜਕਾਰੀ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਗੁਰਿੰਦਰ ਸਿੰਘ ਖਹਿਰਾ, ਸੀਨੀਅਰ ਮੀਤ ਪ੍ਰਧਾਨ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਅਤੇ ਬਲਾਕ ਜ਼ੀਰਾ ਦੇ ਪ੍ਰਧਾਨ ਸੁਖਦੇਵ ਸਿੰਘ ਸਨੇਰ ਦੀ ਅਗਵਾਈ ਵਿਚ ਕਰਵਾਈ ਗਈ | ਇਸ ਕਿਸਾਨ ਮਹਾਂ ਪੰਚਾਇਤ ਦੇ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਾਡੇ ਬਜ਼ੁਰਗਾਂ ਨੇ ਪਸ਼ੂਆਂ ਦੇ ਸਹਿਯੋਗ ਨਾਲ ਖੇਤੀ ਦਾ ਦਾ ਧੰਦਾ ਕੀਤਾ ਅਤੇ ਸੋਨੇ ਵਰਗੀਆਂ ਫ਼ਸਲਾਂ ਪੈਦਾ ਕਰਕੇ ਦੇਸ਼ ਦੇ ਅੰਨ ਭੰਡਾਰ ਵਿਚ ਵੱਡਾ ਯੋਗਦਾਨ ਪਾਉਂਦਿਆਂ ਦੇਸ਼ ਦੀ ਆਰਥਿਕਤਾ ਨੂੰ ਹੁਲਾਰਾ ਦਿੱਤਾ ਪਰ ਅੱਜ ਸਾਡੇ ਦੇਸ਼ ਦੀਆਂ ਸਰਕਾਰਾਂ ਪੂੰਜੀਪਤੀਆਂ ਦਾ ਹੱਥ ਠੋਕਾ ਬਣ ਕੇ ਪੰਜਾਬ ਦੀ ਜ਼ਰਖੇਜ਼ ਜ਼ਮੀਨ ਕਿਸਾਨਾਂ ਪਾਸੋਂ ਖੋਹ ਕੇ ਉਨ੍ਹਾਂ ਦੇ ਹਵਾਲੇ ਕਰਨ ਦੇ ਰਾਹ ਤੇ ਤੁਰੀ ਹੋਈ ਹੈ | ਉਨ੍ਹਾਂ ਕਿਹਾ ਕਿ ਬਿਜਲੀ ਸੋਧ ਬਿੱਲ 2025 ਨੂੰ ਕੇਂਦਰ ਸਰਕਾਰ ਪਾਸ ਕਰਨ 'ਤੇ ਤੁਲੀ ਹੋਈ ਹੈ ਤੇ ਪੰਜਾਬ ਸਰਕਾਰ ਦੀ ਵੀ ਇਸ ਪ੍ਰਤੀ ਕੋਈ ਸਪੱਸ਼ਟ ਨੀਤੀ ਨਹੀਂ ਹੈ | ਉਨ੍ਹਾਂ ਕਿਹਾ ਕਿ ਜੇਕਰ ਪਾਰਲੀਮੈਂਟ ਵਿਚ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਖਪਤਕਾਰਾਂ ਨੂੰ ਕੇਵਲ ਘਰੇਲੂ ਵਰਤੋਂ ਲਈ ਮੁਆਫ਼ ਕੀਤੇ ਬਿਜਲੀ ਦੇ ਬਿੱਲ ਹੀ ਨਹੀਂ ਲੱਗਣਗੇ ਬਲਕਿ ਕਿਸਾਨਾਂ ਨੂੰ ਖੇਤੀ ਲਈ ਮੋਟਰਾਂ ਦੇ ਬਿੱਲ ਵੀ ਲੱਗਣਗੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪ੍ਰਸਤਾਵਿਤ ਬੀਜ ਸੋਧ ਬਿੱਲ ਇਸ ਤੋਂ ਵੀ ਖ਼ਤਰਨਾਕ ਹੈ | ਉਨ੍ਹਾਂ ਕਿਹਾ ਕਿ ਜੇਕਰ ਇਹ ਬਿੱਲ ਪਾਸ ਹੋਣ ਵਿਚ ਸਫਲ ਹੋ ਜਾਂਦੇ ਹਨ ਤਾਂ ਸਰਕਾਰ ਬਿਜਲੀ, ਬੀਜ, ਖੇਤ ਸਭ ਕੁੱਝ ਸਾਡੇ ਕੋਲੋਂ ਖੋਹ ਕੇ ਕਾਰਪੋਰੇਟ ਪੂੰਜੀਪਤੀਆਂ ਦੇ ਹੱਥਾਂ ਵਿਚ ਸੌਂਪ ਦੇਵੇਗੀ ਜੋ ਕਿ ਬਾਅਦ 'ਚ ਆਪਣੇ ਹਿਸਾਬ ਦੇ ਮੁਤਾਬਿਕ ਫ਼ਸਲਾਂ ਬੀਜਣਗੇ | ਹਰਮੀਤ ਸਿੰਘ ਕਾਦੀਆਂ ਨੇ ਹੋਰ ਆਖਿਆ ਕਿ ਸਾਡੇ ਵਲੋਂ ਪਾਲੇ ਜਾਂਦੇ ਪਸ਼ੂਆਂ ਦਾ ਦੁੱਧ ਵੀ ਮਿਲਾਵਟ ਖੋਰੀ ਦੀ ਭੇਟ ਚੜ ਗਿਆ | ਉਨ੍ਹਾਂ ਕਿਹਾ ਕਿ ਮਾਰਕੀਟ ਵਿਚ ਨਕਲੀ ਦੁੱਧ ਵੱਡੀ ਮਾਤਰਾ ਵਿਚ ਤਿਆਰ ਕੀਤਾ ਜਾ ਰਿਹਾ ਹੈ ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਖ਼ਤਰਨਾਕ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਜਲਦੀ ਹੀ ਸਿਹਤ ਵਿਭਾਗ ਦੇ ਨਾਲ ਮਿਲ ਕੇ ਪੰਜਾਬ ਪੱਧਰ 'ਤੇ ਇਕ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਇਸ ਗੋਰਖ ਧੰਦੇ ਨੂੰ ਨੱਥ ਪਾਈ ਜਾ ਸਕੇ | ਹਰਮੀਤ ਸਿੰਘ ਕਾਦੀਆਂ ਨੇ ਹੋਰ ਆਖਿਆ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਦੇ ਵਿਚ ਕਿਸਾਨਾਂ ਦੇ ਸਿਰ ਚੜੇ੍ਹ ਪੁਰਾਣੇ ਕਰਜ਼ੇ ਕਲੀਅਰ ਨਹੀਂ ਹੋ ਰਹੇ ਅਤੇ ਨਵੇਂ ਖਾਤੇ ਖੁੱਲ ਨਹੀਂ ਰਹੇ ਜਿਸ ਕਰਕੇ ਕਿਸਾਨਾਂ ਨੂੰ ਬਹੁਤ ਮੁਸ਼ਕਿਲ ਪੇਸ਼ ਆ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕੇਂਦਰੀ ਬਜਟ ਵਿਚ ਪੂੰਜੀਪਤੀਆਂ ਦੇ 14 ਲੱਖ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ ਜਾ ਸਕਦੇ ਹਨ ਤਾਂ ਕਿਸਾਨਾਂ ਦੇ ਕਿਉਂ ਨਹੀਂ | ਉਨ੍ਹਾਂ ਕਿਹਾ ਕਿ ਉਪਰੋਕਤ ਸਾਰੇ ਮੁੱਦਿਆਂ ਨੂੰ ਲੈ ਕੇ ਸਾਡੀ ਜਥੇਬੰਦੀ ਪੰਜਾਬ ਭਰ 'ਚ ਜ਼ਿਲ੍ਹਾ ਪੱਧਰ 'ਤੇ ਮਹਾਂ ਪੰਚਾਇਤਾਂ ਕਰਕੇ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੀ ਹੈ ਤਾਂ ਜੋ ਰਾਜਨੀਤਿਕ ਪਾਰਟੀਆਂ ਤੋਂ ਇਸ ਸੰਬੰਧ ਵਿਚ ਉਨ੍ਹਾਂ ਦੀ ਜਵਾਬਦੇਹੀ ਕੀਤੀ ਜਾ ਸਕੇ | ਇਸ ਕਿਸਾਨ ਮਹਾਂ ਪੰਚਾਇਤ ਦੇ ਦੌਰਾਨ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ ਸੂਬਾ ਕਾਰਜਕਾਰੀ ਮੈਂਬਰ, ਗੁਰਿੰਦਰ ਸਿੰਘ ਖਹਿਰਾ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਸੀਨੀਅਰ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਡਾ. ਗੁਰਚਰਨ ਨੂਰਪੁਰ, ਜਰਨੈਲ ਸਿੰਘ ਭੁੱਲਰ ਤੇ ਹਰੀਸ਼ ਤਾਂਗਰਾ ਆਦਿ ਨੇ ਵੀ ਸੰਬੋਧਨ ਕੀਤਾ |