ਫ਼ਿਰੋਜ਼ਪੁਰ, 2 ਫਰਵਰੀ (ਸੁਖਵਿੰਦਰ ਸਿੰਘ)-ਸ਼ਹਿਰ 'ਚ ਚੋਰਾਂ ਵਲੋਂ ਮੋਦੀ ਮਿਲ ਦੇ ਨਜ਼ਦੀਕ ਪਲਾਈਵੁੱਡ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ | ਇਥੇ ਦੱਸ ਦਈਏ ਕੀ ਸ਼ਹਿਰ ਦੀ ਸੁਰੱਖਿਆ ਨੂੰ ਲੈ ਕੇ ਵੱਖ-ਵੱਖ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਤੇ ਪੁਲਿਸ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੇ ਯਤਨ ਪੂਰੀ ਤਰ੍ਹਾਂ ਫ਼ੇਲ੍ਹ ਹੁੰਦੇ ਨਜ਼ਰ ਆ ਰਹੇ ਹਨ | ਚੋਰੀਆਂ ਰੋਕਣ ਲਈ ਹੋਈਆਂ ਮੀਟਿੰਗਾਂ ਤੇ ਦਾਅਵਿਆਂ ਦੇ ਬਾਵਜੂਦ, ਮੀਟਿੰਗ ਖ਼ਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਸ਼ਹਿਰ ਵਿਚ ਫਿਰ ਇਕ ਚੋਰੀ ਦੀ ਵਾਰਦਾਤ ਸਾਹਮਣੇ ਆਈ | ਜਿਸ 'ਚ ਚੋਰ ਗੌਰਵ ਪਲਾਈਵੁੱਡ ਦੀ ਦੁਕਾਨ ਦੀ ਛੱਤ ਤੋੜ ਕੇ ਅੰਦਰ ਦਾਖਲ ਹੋਏ ਅਤੇ ਗੱਲੇ 'ਚ ਪਏ ਹੋਏ 30 ਹਜ਼ਾਰ ਰੁਪਏ ਚੋਰੀ ਕਰ ਲਏ ਚੋਰਾਂ ਵਲੋਂ ਉਥੇ ਪਿਆ ਹੋਇਆ ਲੋਹੇ ਦਾ ਗੱਲਾ ਦੁਕਾਨ ਦਾ ਸ਼ਟਰ ਤੋੜ ਕੇ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਗਈ, ਪਰ ਉਨ੍ਹਾਂ ਦੀ ਕੋਸ਼ਿਸ਼ ਅਸਫਲ ਰਹੀ ਤੇ ਉਹ ਗੱਲਾਂ ਉਥੇ ਛੱਡ ਕੇ ਹੀ ਫ਼ਰਾਰ ਹੋ ਗਏ | ਘਟਨਾ ਨੇ ਸਾਰੇ ਸੁਰੱਖਿਆ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ | ਪੁਲਿਸ ਵਲੋਂ ਦਿਨ ਚੜ੍ਹਦੇ ਹੀ ਸੁਰੱਖਿਆ ਦੇ ਦਾਅਵੇ ਸਾਬਤ ਕਰਨ ਲਈ ਲੋਕਾਂ ਦੇ ਧੜਾਧੜ ਚਲਾਨ ਕੀਤੇ ਜਾ ਰਹੇ ਹਨ, ਪਰ ਅਸਲ ਸਵਾਲ ਇਹ ਹੈ ਕਿ ਜਦੋਂ ਰਾਤ ਦੇ ਸਮੇਂ ਚੋਰੀਆਂ ਹੁੰਦੀਆਂ ਹਨ | ਤਦੋਂ ਪੁਲਿਸ ਦੀ ਪੈਟਰੋਲਿੰਗ ਜ਼ੀਰੋ ਕਿਉਂ ਨਜ਼ਰ ਆਉਂਦੀ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਦਿਨ 'ਚ ਹੈਲਮਟ, ਕਾਗ਼ਜ਼ਾਂ ਤੇ ਟ੍ਰੈਫ਼ਿਕ ਦੇ ਨਾਂਅ 'ਤੇ ਕਾਰਵਾਈ ਕਰਨਾ ਆਸਾਨ ਹੈ, ਪਰ ਰਾਤ ਨੂੰ ਗਲੀਆਂ, ਮੁਹੱਲਿਆਂ ਤੇ ਸੰਵੇਦਨਸ਼ੀਲ ਇਲਾਕਿਆਂ 'ਚ ਪੁਲਿਸ ਦੀ ਮੌਜੂਦਗੀ ਨਜ਼ਰ ਨਹੀਂ ਆਉਂਦੀ, ਜਿਸ ਦਾ ਸਿੱਧਾ ਫ਼ਾਇਦਾ ਚੋਰ ਚੁੱਕ ਰਹੇ ਹਨ | ਲਗਾਤਾਰ ਹੋ ਰਹੀਆਂ ਚੋਰੀਆਂ ਨੇ ਇਹ ਗੰਭੀਰ ਸਵਾਲ ਖੜ੍ਹਾ ਕਰ ਦਿੱਤਾ ਹੈ ਕਿ ਕੀ ਪੁਲਿਸ ਦੇ ਯਤਨ ਨਾਕਾਮ ਸਾਬਤ ਹੋ ਰਹੇ ਹਨ ਜਾਂ ਫਿਰ ਚੋਰ ਪੁਲਿਸ ਤੋਂ ਦੋ ਕਦਮ ਅੱਗੇ ਚੱਲ ਰਹੇ ਹਨ | ਸੰਸਥਾਵਾਂ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ, ਬਿਆਨਬਾਜ਼ੀ ਤੇ ਫੋਟੋ ਸੈਸ਼ਨਾਂ ਤੱਕ ਤਾਂ ਸਭ ਕੁੱਝ ਸੀਮਤ ਦਿਖਾਈ ਦੇ ਰਿਹਾ ਹੈ | ਜ਼ਮੀਨੀ ਹਕੀਕਤ ਇਹ ਹੈ ਕਿ ਚੋਰ ਬੇਖ਼ੌਫ ਹਨ ਤੇ ਆਮ ਲੋਕ ਖ਼ੌਫ਼ ਵਿਚ ਜੀ ਰਹੇ ਹਨ | ਸ਼ਹਿਰ ਵਾਸੀਆਂ ਦੀ ਸਪਸ਼ਟ ਮੰਗ ਹੈ ਕਿ ਚਲਾਨਾਂ ਦੀ ਥਾਂ ਰਾਤ ਦੀ ਪੈਟਰੋਲਿੰਗ ਵਧਾਈ ਜਾਵੇ | ਫ਼ਿਰੋਜ਼ਪੁਰ ਫ਼ਰੰਟ ਵਲੋਂ ਪ੍ਰਸ਼ਾਸਨ 'ਤੇ ਦਬਾਅ ਬਣਾਉਣ ਦੀ ਕੀਤੀ ਗਈ ਕੋਸ਼ਿਸ਼ ਵੀ ਨਾਕਾਮ ਸਾਬਤ ਹੋਈ ਹੈ | ਫ਼ਰੰਟ ਦੇ ਆਗੂਆਂ ਦੀ ਐਸ. ਪੀ. ਇਨਵੈਸਟੀਗੇਸ਼ਨ ਮਨਜੀਤ ਸਿੰਘ ਨਾਲ ਹੋਈ ਮੀਟਿੰਗ ਦੌਰਾਨ ਮਿਲੇ ਦਿਲਾਸਿਆਂ ਦੇ ਬਾਵਜੂਦ ਚੋਰੀਆਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ |