04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਹੜ੍ਹਾਂ ਦੌਰਾਨ ਸਤਲੁਜ ਦੇ ਤੇਜ਼ ਵਹਾਅ ਨਾਲ ਸਰਹੱਦ ਪਾਰ ਵਹੇ ਨਿਹਾਲਾ ਕਿਲਚਾ ਦੇ ਦੋ ਸ਼ਖ਼ਸ ਢਾਈ ਸਾਲ ਬਾਅਦ ਵਾਪਸ ਵਤਨ ਪਰਤੇ

Ad Position 21
No active advertisement
ਅਜੀਤ ਡੈਸਕ 03-02-2026
ਫ਼ਿਰੋਜ਼ਪੁਰ, 2 ਫਰਵਰੀ (ਗੁਰਿੰਦਰ ਸਿੰਘ)-2023 'ਚ ਆਏ ਹੜ੍ਹਾਂ ਦੌਰਾਨ ਦਰਿਆ ਸਤਲੁਜ ਦਾ ਤੇਜ਼ ਵਹਾਅ ਫ਼ਿਰੋਜ਼ਪੁਰ ਦੇ ਸਰਹੱਦੀ ਪਿੰਡ ਨਿਹਾਲਾ ਕਿਲਚਾ ਦੇ ਦੋ ਸ਼ਖ਼ਸ ਆਪਣੇ ਨਾਲ ਰੋੜ੍ਹ ਕੇ ਸਰਹੱਦ ਪਾਰ ਲੈ ਗਿਆ | ਜਿਥੇ ਕਰੀਬ ਢਾਈ ਸਾਲ ਦੀ ਕਾਨੂੰਨੀ ਤੇ ਗੈਰ ਕਾਨੂੰਨੀ ਸਜ਼ਾ ਕੱਟਣ, ਤਸ਼ੱਦਦ ਝੱਲਣ ਤੋਂ ਬਾਅਦ ਉਕਤ ਦੋਵੇਂ ਸ਼ਖ਼ਸ ਬੀਤੇ ਦਿਨ ਅਟਾਰੀ ਬਾਰਡਰ ਰਾਹੀਂ ਵਾਪਸ ਵਤਨ ਪਰਤੇ ਹਨ | ਪਿੰਡ ਨਿਹਾਲਾ ਕਿਲਚਾ ਦੇ ਜੁਗਿੰਦਰ ਸਿੰਘ ਤੇ ਗੁਰਭੇਜ ਸਿੰਘ ਦੇ ਲੰਬੇ ਸਮੇਂ ਬਾਅਦ ਵਾਪਸ ਆਉਣ 'ਤੇ ਘਰ ਵਿਚ ਖ਼ੁਸ਼ੀ ਦੇਖਣ ਨੂੰ ਮਿਲ ਰਹੀ ਹੈ | ਭਾਰਤ ਪਰਤੇ ਪਿੰਡ ਨਿਹਾਲਾ ਕਿਲਚਾ ਦੇ ਜੁਗਿੰਦਰ ਸਿੰਘ ਅਤੇ ਗੁਰਭੇਜ ਸਿੰਘ ਦੇ ਚਿਹਰਿਆਂ ਤੋਂ ਪਰਾਈ ਧਰਤੀ 'ਤੇ ਝੱਲੇ ਤਸ਼ੱਦਦ, ਕਦੇ ਵਾਪਸ ਨਾ ਮੁੜਨ ਦਾ ਸ਼ੰਕਾ ਤੇ ਪਰਿਵਾਰ ਦਾ ਵਿਛੋੜਾ ਜਿਹੇ ਅਨੇਕਾਂ ਦਰਦ ਸਾਫ਼ ਪੜ੍ਹੇ ਜਾ ਸਕਦੇ ਹਨ | ਗੱਲਬਾਤ ਕਰਦਿਆਂ ਜੁਗਿੰਦਰ ਸਿੰਘ ਤੇ ਗੁਰਭੇਜ ਸਿੰਘ ਨੇ ਦੱਸਿਆ ਕਿ ਜੁਲਾਈ 2023 ਵਿਚ ਹੜ੍ਹਾਂ ਦੌਰਾਨ ਦਰਿਆ ਪਾਰ ਜ਼ਮੀਨ ਵਿਚ ਖੜ੍ਹੇ ਆਪਣੇ ਟਰੈਕਟਰ ਨੂੰ ਉੱਚੀ ਥਾਂ ਕਰਨ ਗਏ ਸੀ, ਪਰ ਪਾਣੀ ਦੇ ਤੇਜ਼ ਵਹਾਅ ਅੱਗੇ ਉਨ੍ਹਾਂ ਦੀ ਵਾਹ ਨਾ ਚੱਲੀ ਅਤੇ ਪਾਣੀ ਆਪਣੇ ਨਾਲ ਰੋੜ੍ਹ ਕੇ ਲੈ ਗਿਆ | ਉਹ ਦੱਸਦੇ ਹਨ ਕਿ ਜਦੋਂ ਕੁੱਝ ਸੰਭਲੇ ਤਾਂ ਉਹ ਪਰਾਈ ਧਰਤ 'ਤੇ ਪਹੁੰਚ ਚੁੱਕੇ ਸਨ | ਜਿਥੇ ਉਧਰਲੇ ਲੋਕਾਂ ਨੇ ਉਨ੍ਹਾਂ ਨੂੰ ਪੁੱਛਿਆ ਤਾਂ ਉਨ੍ਹਾਂ ਦੇ ਸਾਰੀ ਘਟਨਾ ਦੱਸਣ 'ਤੇ ਲੋਕਾਂ ਉਨ੍ਹਾਂ ਨੂੰ ਵਾਪਸ ਭੇਜਣ ਦਾ ਭਰੋਸਾ ਦੇ ਕੇ ਪਾਕਿ ਰੇਜਰਾਂ ਦੇ ਹਵਾਲੇ ਕਰ ਦਿੱਤਾ ਅਤੇ ਉਹ ਉਨ੍ਹਾਂ ਦੇ ਚਿਹਰਿਆਂ 'ਤੇ ਨਕਾਬ ਪਾ ਕੇ ਕਿਸੇ ਅਣਪਛਾਤੀ ਥਾਂ ਲੈ ਗਏ ਅਤੇ ਫਿਰ ਉਥੋਂ ਕਿਸੇ ਥਾਣੇ 'ਚ ਲੈ ਗਏ | ਜੁਗਿੰਦਰ ਅਤੇ ਗੁਰਭੇਜ ਦੱਸਦੇ ਹਨ ਕਿ ਇਸ ਦੌਰਾਨ ਪਾਕਿਸਤਾਨੀ ਪੁਲਿਸ ਤੇ ਖ਼ੁਫ਼ੀਆ ਏਜੰਸੀਆਂ ਦੇ ਅਧਿਕਾਰੀ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛਗਿੱਛ ਕਰਦੇ ਰਹੇ ਅਤੇ ਉਨ੍ਹਾਂ ਵਲੋਂ ਸਚਾਈ ਦੱਸਣ 'ਤੇ ਵਾਪਸ ਭੇਜਣ ਦਾ ਭਰੋਸਾ ਦਿੰਦੇ ਲਗਾਤਾਰ ਕਦੇ ਕੋਈ ਤੇ ਕਦੇ ਕੋਈ ਪੁੱਛਗਿੱਛ ਕਰਦੇ ਹੋਏ 28 ਦਿਨਾਂ ਬਾਅਦ ਗੰਡਾ ਸਿੰਘ ਵਾਲਾ ਥਾਣੇ ਲੈ ਗਏ | ਇਥੇ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਕੇ 4 ਦਿਨ ਦੇ ਰਿਮਾਂਡ ਦੌਰਾਨ ਵੀ ਕਦੇ ਸਖ਼ਤੀ ਨਾਲ ਤੇ ਕਦੇ ਨਰਮਾਈ ਨਾਲ ਪੁੱਛਗਿੱਛ ਚੱਲਦੀ ਰਹੀ ਫਿਰ ਉਨ੍ਹਾਂ ਨੂੰ ਪੁਲਿਸ ਪਹਿਲਾਂ ਕਸੂਰ ਜੇਲ੍ਹ 'ਚ ਰੱਖਿਆ ਤੇ ਕਰੀਬ ਇਕ ਮਹੀਨਾ 12 ਦਿਨਾਂ ਬਾਅਦ ਅਦਾਲਤ ਵਲੋਂ ਇਕ ਸਾਲ ਦੀ ਸਜ਼ਾ ਅਤੇ 10 ਹਜ਼ਾਰ ਰੁਪਏ ਜੁਰਮਾਨਾ ਕਰਨ 'ਤੇ ਉਨ੍ਹਾਂ ਨੂੰ ਹੋਰ ਸਾਥੀਆਂ ਸਮੇਤ ਕੋਟ ਲਖਪਤ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ | ਜਿਥੇ ਉਨ੍ਹਾਂ ਨੂੰ 4 ਨੰਬਰ ਬਲਾਕ ਦੀ ਬੈਰਕ ਵਿਚ ਬੰਦ ਰੱਖਿਆ ਗਿਆ | ਜੇਲ੍ਹ ਅੰਦਰ ਹੰਢਾਏ ਦਰਦ ਬਿਆਨ ਕਰਦੇ ਜੁਗਿੰਦਰ ਸਿੰਘ ਤੇ ਗੁਰਭੇਜ ਸਿੰਘ ਦੱਸਦੇ ਹਨ ਕਿ ਇਸ ਜੇਲ੍ਹ 'ਚ ਉਨ੍ਹਾਂ ਤੋਂ ਇਲਾਵਾ ਹੋਰ ਵੀ ਕਈ ਭਾਰਤੀ ਬੰਦ ਹਨ | ਸਾਨੂੰ ਗੈਰ ਮੁਲਕੀ ਦੱਸਦੇ ਹੋਏ ਇਕੱਠਿਆਂ ਬਾਹਰ ਨਹੀਂ ਕੱਢਿਆ ਜਾਂਦਾ ਸੀ, ਵਾਰੀ-ਵਾਰੀ ਬਾਹਰ ਕੱਢਦੇ ਸੀ | ਉਹ ਦੱਸਦੇ ਹਨ ਕਿ ਕਈ ਵਾਰ ਤਰੀਕਾਂ 'ਤੇ ਅਜਿਹੇ ਭਾਰਤੀ ਵੀ ਮਿਲੇ ਜਿਨ੍ਹਾਂ ਨੂੰ ਉਹ ਜਾਣਦੇ ਨਹੀਂ, ਜੋ ਲੰਮੇ ਸਮੇਂ ਤੋਂ ਬੇਗਾਨੇ ਮੁਲਕ ਦੀਆਂ ਜੇਲ੍ਹਾਂ 'ਚ ਬੰਦ ਹੋਣ ਕਾਰਨ ਦਿਮਾਗ਼ੀ ਸੰਤੁਲਨ ਗਵਾ ਚੁੱਕੇ ਹਨ | ਉਨ੍ਹਾਂ ਨੂੰ ਮੈਂਟਲ ਹਸਪਤਾਲ ਤੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਜਾਂਦਾ ਸੀ | ਉਨ੍ਹਾਂ ਦੱਸਿਆ ਕਿ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਕਰੀਬ 15 ਮਹੀਨੇ ਉਨ੍ਹਾਂ ਨੂੰ ਜੇਲ੍ਹ ਵਿਚ ਹੀ ਬੰਦ ਰੱਖਿਆ ਗਿਆ | ਪੁੱਛਣ 'ਤੇ ਕਹਿੰਦੇ ਸੀ ਕਿ ਦੋਹਾਂ ਦੇਸ਼ਾਂ ਦੇ ਹਾਲਾਤ ਠੀਕ ਨਹੀਂ ਹਨ, ਠੀਕ ਹੋਣ 'ਤੇ ਭੇਜ ਦਿਆਂਗੇ | ਪਰਿਵਾਰ ਦੇ ਵਿਛੋੜੇ ਬਾਰੇ ਮਨ ਭਰਦਿਆਂ ਜੁਗਿੰਦਰ ਤੇ ਗੁਰਭੇਜ ਦੱਸਦੇ ਹਨ ਕਿ ਇਸ ਸਮੇਂ ਦੌਰਾਨ ਉਨ੍ਹਾਂ ਨੂੰ ਪਰਿਵਾਰ, ਬੱਚਿਆਂ ਤੇ ਮਾਂ-ਬਾਪ ਦੀ ਬਹੁਤ ਯਾਦ ਆਉਂਦੀ, ਸਾਨੂੰ ਲੱਗਦਾ ਨਹੀਂ ਸੀ ਕਿ ਅਸੀਂ ਹੁਣ ਪਾਰ ਜਾ ਵੀ ਪਾਵਾਂਗੇ ਅਤੇ ਪਰਿਵਾਰ ਨੂੰ ਕਦੇ ਮਿਲ ਪਾਵਾਂਗੇ | ਜੁਗਿੰਦਰ ਸਿੰਘ ਅਤੇ ਗੁਰਭੇਜ ਸਿੰਘ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਪਾਕਿਸਤਾਨ ਦੀਆਂ ਜੇਲ੍ਹਾਂ ਵਿਚ ਬੰਦ ਹੋਰ ਭਾਰਤੀਆਂ ਨੂੰ ਵੀ ਵਾਪਸ ਲਿਆਉਣ ਦੀ ਚਾਰਾਜੋਈ ਕਰਨੀ ਚਾਹੀਦੀ ਹੈ |
ਪਰਿਵਾਰ ਦਾ ਦਰਦ
ਪਾਕਿਸਤਾਨੀ ਸਜ਼ਾ ਕੱਟ ਕੇ ਪਰਤੇ ਜੁਗਿੰਦਰ ਸਿੰਘ ਦੀ ਪਤਨੀ ਸਰੋਜ ਨੇ ਦੱਸਿਆ ਕਿ ਬੰਦਿਆਂ ਬਿਨਾਂ ਘਰਾਂ ਦਾ ਕੀ ਹਾਲ ਹੁੰਦਾ ਦੱਸਿਆ ਨਹੀਂ ਜਾ ਸਕਦਾ | ਬੜੇ ਔਖੇ ਦਿਨ ਕੱਟੇ ਹਨ ਪਰਿਵਾਰ ਨੇ, ਦਿਹਾੜੀ ਦੱਪਾ ਕਰਕੇ ਬੱਚੇ ਪਾਲੇ | ਜੋ ਥੋੜ੍ਹੀ ਬਹੁਤ ਜ਼ਮੀਨ ਸੀ ਪਹਿਲਾਂ 2023 'ਚ ਹੜ੍ਹ ਗਈ | ਦਿਨ ਰਾਤ ਮਿਹਨਤ ਕਰਕੇ ਸਾਂਭੀ ਸੀ, ਹੁਣ ਫਿਰ ਪਿਛਲੇ ਸਾਲ ਆਏ ਹੜ੍ਹਾਂ 'ਚ ਕਣਕ ਡੁੱਬ ਗਈ | ਬਹੁਤ ਮਾੜੇ ਹਾਲਤਾਂ ਵਿਚ ਜੀਵਨ ਬਸ਼ਰ ਕਰ ਰਹੇ ਹਾਂ | ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਪਰਿਵਾਰ ਦੀ ਮਾਲੀ ਮਦਦ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰ ਦੀ ਸੁਰੱਖਿਆ 'ਤੇ ਸੰਸਥਾਵਾਂ ਵਲੋਂ ਕੀਤੀ ਜਾ ਰਹੀ ਰਾਜਨੀਤੀ ਫ਼ੇਲ੍ਹ ਅਗਲੀ ਖ਼ਬਰ ਵਾਰਡ ਨੰਬਰ 11 ਦੀ ਕੌਂਸਲਰ ਸ਼ਰਨਜੀਤ ਕੌਰ ਕਾਂਗਰਸ 'ਚ ਸ਼ਾਮਿਲ
Ad Position 24