04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-02-2026

ਪਹਿਲਾ ਸਵ. ਬਲਦੇਵ ਸਿੰਘ ਸੰਧੂ ਯਾਦਗਾਰੀ ਬਾਸਕਟਬਾਲ ਟੂਰਨਾਮੈਂਟ ਮਿੱਠੀਆਂ ਯਾਦਾਂ ਛੱਡਦਾ ਸਮਾਪਤ

Ad Position 21
No active advertisement
ਅਜੀਤ ਡੈਸਕ 03-02-2026
ਫ਼ਿਰੋਜ਼ਪੁਰ, 2 ਫ਼ਰਵਰੀ (ਗੁਰਿੰਦਰ ਸਿੰਘ)-ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਥਾਨਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਆਯੋਜਿਤ ਪਹਿਲਾ ਸਵ. ਬਲਦੇਵ ਸਿੰਘ ਸੰਧੂ ਯਾਦਗਾਰੀ ਓਪਨ ਬਾਸਕਟਬਾਲ ਟੂਰਨਾਮੈਂਟ ਬੀਤੀ ਸ਼ਾਮ ਖੇਡ ਜਜ਼ਬੇ ਤੇ ਮਿੱਠੀਆਂ ਯਾਦਾਂ ਛੱਡਦਾ ਹੋਇਆ ਸਫਲਤਾਪੂਰਵਕ ਸਮਾਪਤ ਹੋ ਗਿਆ | ਦੋ ਦਿਨਾਂ ਤੱਕ ਚੱਲੇ ਟੂਰਨਾਮੈਂਟ ਨੇ ਖਿਡਾਰੀਆਂ ਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸ਼ਾਨਦਾਰ ਮੌਕਾ ਦਿੱਤਾ | ਲੜਕੇ ਤੇ ਲੜਕੀਆਂ ਦੀਆਂ 8-8 ਟੀਮਾਂ ਦੀ ਭਾਗੀਦਾਰੀ ਨਾਲ ਕਰਵਾਏ ਗਏ ਟੂਰਨਾਮੈਂਟ ਦਾ ਉਦਘਾਟਨ ਡੀ. ਐੱਸ. ਪੀ. ਧਰਮਕੋਟ ਜਸਵਰਿੰਦਰ ਸਿੰਘ ਸਿੱਧੂ ਨੇ ਕੀਤਾ ਜਦਕਿ ਸਮਾਪਤੀ ਸਮਾਰੋਹ ਮੌਕੇ ਓਲੰਪੀਅਨ ਧਰਮਵੀਰ ਸਿੰਘ ਐੱਸ. ਪੀ. (ਐੱਚ) ਫ਼ਿਰੋਜ਼ਪੁਰ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਅਤੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕੀਤੇ | ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਕੱਤਰ ਅਮਰੀਕ ਸਿੰਘ ਸਿੱਧੂ ਤੇ ਸੁਖਬੀਰ ਸਿੰਘ ਸੰਧੂ (ਐਨ. ਆਰ. ਆਈ.) ਨੇ ਦੱਸਿਆ ਕਿ ਲੜਕਿਆਂ ਦੇ ਵਰਗ ਵਿਚ ਸ਼ਹੀਦ ਭਗਤ ਸਿੰਘ ਕਲੱਬ, ਸ਼ਹੀਦ ਰਾਜਗੁਰੂ ਕਲੱਬ, ਸ਼ਹੀਦ ਸੁਖਦੇਵ ਕਲੱਬ, ਆਰਮੀ ਪਬਲਿਕ ਸਕੂਲ, ਪਟਿਆਲਾ ਕਲੱਬ ਪਟਿਆਲਾ, ਪਿੰਡੀ ਕਲੱਬ ਗੁਰੂਹਰਸਹਾਏ, ਡੀ. ਸੀ. ਐੱਮ. ਸਕੂਲ ਕਲੱਬ ਤੇ ਆਰ. ਐੱਸ. ਡੀ. ਰਾਜ ਰਤਨ ਕਲੱਬ ਦੀਆਂ ਟੀਮਾਂ ਨੇ ਭਾਗ ਲਿਆ | ਇਸੇ ਤਰ੍ਹਾਂ ਲੜਕੀਆਂ ਦੇ ਵਰਗ ਵਿਚ ਬਾਬਾ ਫ਼ਰੀਦ ਕਲੱਬ ਕੋਟਕਪੂਰਾ, ਪਿੰਡੀ ਕਲੱਬ ਗੁਰੂਹਰਸਹਾਏ, ਡੀ. ਸੀ. ਐੱਮ. ਸਕੂਲ, ਪਟਿਆਲਾ ਕਲੱਬ ਪਟਿਆਲਾ, ਆਰ. ਐੱਸ. ਡੀ. ਰਾਜ ਰਤਨ ਕਲੱਬ, ਸ਼ਹੀਦ ਭਗਤ ਸਿੰਘ ਕਲੱਬ ਫ਼ਿਰੋਜ਼ਪੁਰ, ਸ਼ਹੀਦ ਰਾਜਗੁਰੂ ਕਲੱਬ ਅਤੇ ਦਸਮੇਸ਼ ਕਲੱਬ ਮਲੋਟ ਦੀਆਂ ਟੀਮਾਂ ਨੇ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਉਨ੍ਹਾਂ ਦੱਸਿਆ ਕਿ ਲੜਕੀਆਂ ਦੇ ਰੋਮਾਂਚਕ ਫਾਈਨਲ ਮੈਚ ਵਿਚ ਪਟਿਆਲਾ ਕਲੱਬ ਦੀ ਟੀਮ ਨੇ ਸ਼ਾਨਦਾਰ ਖੇਡ ਦਿਖਾਉਂਦਿਆਂ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਦਸਮੇਸ਼ ਕਲੱਬ ਮਲੋਟ ਦੂਜੇ ਤੇ ਬਾਬਾ ਫ਼ਰੀਦ ਕਲੱਬ ਕੋਟਕਪੂਰਾ ਤੀਜੇ ਸਥਾਨ 'ਤੇ ਰਹੀ | ਦੇਰ ਸ਼ਾਮ ਤੱਕ ਚੱਲੇ ਲੜਕਿਆਂ ਦੇ ਫਾਈਨਲ ਮੁਕਾਬਲੇ 'ਚ ਸ਼ਹੀਦ ਸੁਖਦੇਵ ਕਲੱਬ ਨੇ ਸ਼ਹੀਦ ਭਗਤ ਸਿੰਘ ਕਲੱਬ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂਅ ਕੀਤਾ ਜਦਕਿ ਪਟਿਆਲਾ ਕਲੱਬ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਸੁਖਬੀਰ ਸਿੰਘ ਸੰਧੂ (ਐਨ. ਆਰ. ਆਈ) ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਸਵ. ਬਲਦੇਵ ਸਿੰਘ ਸੰਧੂ ਨੂੰ ਖੇਡਾਂ ਨਾਲ ਖ਼ਾਸ ਕਰਕੇ ਬਾਸਕਟਬਾਲ ਨਾਲ ਬੇਹੱਦ ਪਿਆਰ ਸੀ | ਉਨ੍ਹਾਂ ਦੀ ਇਸ ਖੇਡ ਪ੍ਰਤੀ ਲਗਨ ਤੇ ਚਾਹਤ ਨੂੰ ਸਾਕਾਰ ਕਰਨ ਲਈ ਪਰਿਵਾਰ ਵਲੋਂ ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਸਹਿਯੋਗ ਨਾਲ ਇਹ ਯਾਦਗਾਰੀ ਟੂਰਨਾਮੈਂਟ ਸ਼ੁਰੂ ਕੀਤਾ ਗਿਆ ਹੈ, ਜੋ ਹਰ ਸਾਲ ਨਿਯਮਤ ਤੌਰ 'ਤੇ ਕਰਵਾਇਆ ਜਾਵੇਗਾ | ਸਮਾਪਤੀ ਸਮਾਰੋਹ ਦੌਰਾਨ ਸਵ. ਬਲਦੇਵ ਸਿੰਘ ਦੀ ਧਰਮ ਪਤਨੀ ਮਾਤਾ ਅਮਰਜੀਤ ਕੌਰ, ਬੇਟੀਆਂ ਸੁਖਬੀਰ ਕੌਰ ਤੇ ਹਰਬੀਰ ਕੌਰ, ਜਵਾਈ ਸਤਵਿੰਦਰ ਸਿੰਘ ਪੌਪ ਬਾਨ ਅਤੇ ਗੁਰਕੀਰਤ ਸਿੰਘ, ਦੋਹਤਾ ਸਚਕੀਰਤ ਸਿੰਘ, ਜ਼ਿਲ੍ਹਾ ਬਾਸਕਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਗਗਨਦੀਪ ਸਿੰਘ, ਸਕੱਤਰ ਅਮਰੀਕ ਸਿੰਘ ਸਿੱਧੂ, ਕੈਸ਼ੀਅਰ ਭੁਪਿੰਦਰ ਸਿੰਘ, ਇੰਸਪੈਕਟਰ ਨਵੀਨ ਕੁਮਾਰ, ਅਮਨਦੀਪ ਹਸਪਤਾਲ ਦੇ ਡਾ. ਅਭਿਸ਼ੇਕ ਅਰੋੜਾ, ਹਾਕੀ ਕੋਚ ਮਨਮੀਤ ਸਿੰਘ ਰੂਬਲ ਸਮੇਤ ਵੱਡੀ ਗਿਣਤੀ 'ਚ ਬਾਸਕਟਬਾਲ ਖਿਡਾਰੀ ਅਤੇ ਖੇਡ ਪ੍ਰੇਮੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪਸ਼ੂ ਪਾਲਣ ਵਿਭਾਗ ਨੇ ਫੱਤੂਵਾਲਾ 'ਚ ਲਗਾਇਆ ਪਸ਼ੂ ਭਲਾਈ ਤੇ ਜਾਗਰੂਕਤਾ ਕੈਂਪ ਅਗਲੀ ਖ਼ਬਰ ਕਿਸਾਨ ਪੰਚਾਇਤ ਨੂੰ ਸਫਲ ਬਣਾਉਣ 'ਤੇ ਐਗਜ਼ੈਕਟਿਵ ਮੈਂਬਰ ਦਰਸ਼ਨ ਸਿੰਘ ਵਲੋਂ ਕਿਸਾਨਾਂ ਦਾ ਧੰਨਵਾਦ
Ad Position 24