ਗੁਰੂਹਰਸਹਾਏ, 3 ਫਰਵਰੀ (ਕਪਿਲ ਕੰਧਾਰੀ)-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਤੇ ਅਧਿਆਪਕਾਂ ਦੇ ਪੇਸ਼ੇਵਾਰ ਵਿਕਾਸ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐੱਸ. ਐੱਸ. ਕੇ. ਪਬਲਿਕ ਸਕੂਲ ਦੇ ਅਧਿਆਪਕਾਂ ਵਲੋਂ ਫ਼ਿਰੋਜ਼ਪੁਰ ਵਿਖੇ ਆਯੋਜਿਤ ਸੀ. ਬੀ. ਐੱਸ. ਈ. ਦੀ ਕਪੈਸਿਟੀ ਬਿਲਡਿੰਗ ਪ੍ਰੋਗਰਾਮਾਂ 'ਚ ਸਰਗਰਮੀ ਨਾਲ ਭਾਗ ਲਿਆ | ਜਿਸ ਦਾ ਮੁੱਖ ਮਕਸਦ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਪ੍ਰਣਾਲੀ ਨਵੀਂ ਸੋਚ ਅਤੇ ਨਵੇਂ ਹੁਨਰਾਂ ਨਾਲ ਜੋੜਨਾ ਸੀ | ਇਸ ਦੌਰਾਨ ਪਹਿਲੀ ਵਰਕਸ਼ਾਪ ਸ਼ਾਂਤੀ ਵਿੱਦਿਆ ਮੰਦਰ ਫ਼ਿਰੋਜ਼ਪੁਰ ਵਿਖੇ ਮਾਪਿਆਂ ਨੂੰ ਸਿੱਖਿਆ ਬਾਰੇ ਜਾਗਰੂਕ ਕਰਨਾ ਵਿਸ਼ੇ 'ਤੇ ਕਰਵਾਈ ਗਈ, ਜਿਸ 'ਚ ਮਾਪਿਆਂ ਤੇ ਸਕੂਲ ਦੇ ਸਾਂਝੇ ਸਹਿਯੋਗ ਦੀ ਮਹੱਤਤਾ 'ਤੇ ਵਿਸਥਾਰ ਨਾਲ ਚਰਚਾ ਕੀਤੀ ਗਈ | ਇਸੇ ਤਰ੍ਹਾਂ ਦੂਜੀ ਵਰਕਸ਼ਾਪ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ ਵਿਖੇ 'ਸਕੂਲ ਵਿਚ ਲਿੰਗ ਸੰਵੇਦਨਸ਼ੀਲਤਾ' ਜਿਹੇ ਅਹੰਕਾਰਪੂਰਕ ਵਿਸ਼ੇ 'ਤੇ ਆਯੋਜਿਤ ਕੀਤੀ ਗਈ, ਜਿਸ ਦਾ ਮਕਸਦ ਵਿਦਿਆਰਥੀਆਂ ਵਿਚ ਸਮਾਨਤਾ ਅਨੁਸਾਰ ਅਤੇ ਸਕਾਰਾਤਮਿਕ ਸੋਚ ਨੂੰ ਉਤਸ਼ਾਹਿਤ ਕਰਨਾ ਸੀ | ਪਿ੍ੰਸੀਪਲ ਡਾ. ਵੰਦਨਾ ਧਵਨ ਨੇ ਦੱਸਿਆ ਕਿ ਇਨ੍ਹਾਂ ਸਿਖਲਾਈ ਪ੍ਰੋਗਰਾਮਾਂ 'ਚ ਸਕੂਲ ਦੇ ਕੋਆਰਡੀਨੇਟਰ ਅਭੈ ਬਜਾਜ ਸਮੇਤ ਕੁਲ 23 ਅਧਿਆਪਕਾਂ ਨੇ ਭਾਗ ਲਿਆ ਅਤੇ ਜਾਣਕਾਰੀ ਹਾਸਿਲ ਕੀਤੀ |