ਸਮੇਂ ਸਿਰ ਜਾਂਚ ਅਤੇ ਜਾਗਰੂਕਤਾ ਨਾਲ ਕੈਂਸਰ 'ਤੇ ਪਾਈ ਜਾ ਸਕਦੀ ਹੈ ਫਤਹਿ-ਡਾ. ਕਵਿਤਾ ਸਿੰਘ
ਅਜੀਤ ਡੈਸਕ
05-02-2026
ਫ਼ਾਜ਼ਿਲਕਾ, 4 ਫਰਵਰੀ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਵਿਭਾਗ ਫ਼ਾਜ਼ਿਲਕਾ ਵਲੋਂ ਸਿਵਲ ਸਰਜਨ ਡਾ.ਕਵਿਤਾ ਸਿੰਘ ਦੀ ਅਗਵਾਈ ਹੇਠ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹੇ ਦੀਆਂ ਵੱਖ-ਵੱਖ ਸਿਹਤ ਸੰਸਥਾਵਾਂ ਅਤੇ ਵਿੱਦਿਅਕ ਅਦਾਰਿਆਂ 'ਚ ਯੂਨਾਈਟਿਡ ਬਾਏ ਯੂਨੀਕ ਥੀਮ ਹੇਠ ਜਾਗਰੂਕਤਾ ਕੈਂਪ ਲਗਾਏ ਗਏ | ਡਾ.ਕਵਿਤਾ ਸਿੰਘ ਨੇ ਦੱਸਿਆ ਕਿ ਬਦਲਦੀ ਜੀਵਨ ਸ਼ੈਲੀ, ਗ਼ਲਤ ਖਾਣ-ਪੀਣ ਅਤੇ ਤੰਬਾਕੂ ਦੇ ਸੇਵਨ ਕਾਰਨ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਵਧ ਰਹੀਆਂ ਹਨ | ਉਨ੍ਹਾਂ ਜ਼ੋਰ ਦਿੱਤਾ ਕਿ ਜੇਕਰ ਕੈਂਸਰ ਦੇ ਲੱਛਣਾਂ ਦੀ ਪਹਿਲੀ ਸਟੇਜ 'ਤੇ ਪਛਾਣ ਕਰ ਲਈ ਜਾਵੇ, ਤਾਂ ਇਸ ਦਾ ਇਲਾਜ ਸੰਭਵ ਹੈ ਅਤੇ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ | ਸਿਵਲ ਸਰਜਨ ਨੇ ਕੈਂਸਰ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰੀਰ ਦੇ ਕਿਸੇ ਵੀ ਹਿੱਸੇ ਵਿਚ ਗਿਲਟੀ ਦਾ ਹੋਣਾ, ਪਾਚਨ ਸ਼ਕਤੀ ਵਿਚ ਬਦਲਾਅ, ਲਗਾਤਾਰ ਖੰਘ, ਆਵਾਜ਼ ਵਿਚ ਭਾਰੀਪਣ ਅਤੇ ਅÏਰਤਾਂ 'ਚ ਮਾਹਵਾਰੀ ਦੌਰਾਨ ਜ਼ਿਆਦਾ ਖ਼ੂਨ ਪੈਣਾ ਕੈਂਸਰ ਦੇ ਸੰਕੇਤ ਹੋ ਸਕਦੇ ਹਨ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਫ਼ਸਲਾਂ 'ਤੇ ਕੀਟਨਾਸ਼ਕਾਂ ਦੀ ਘੱਟ ਵਰਤੋਂ ਕਰਨ ਅਤੇ ਆਪਣੀ ਖ਼ੁਰਾਕ ਵਿਚ ਫਲ ਤੇ ਹਰੀਆਂ ਸਬਜ਼ੀਆਂ ਸ਼ਾਮਲ ਕਰਨ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਰਿੰਕੂ ਚਾਵਲਾ ਨੇ ਦੱਸਿਆ ਕਿ 30 ਸਾਲ ਦੀ ਉਮਰ ਤੋਂ ਬਾਅਦ ਸਾਲਾਨਾ ਮੈਡੀਕਲ ਜਾਂਚ ਜ਼ਰੂਰੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ 'ਮੁੱਖ ਮੰਤਰੀ ਕੈਂਸਰ ਰਾਹਤ ਕੋਸ਼ ਸਕੀਮ' ਤਹਿਤ ਪੰਜਾਬ ਦੇ ਵਸਨੀਕਾਂ ਨੂੰ 1.5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾਂਦਾ ਹੈ |