ਤਲਵੰਡੀ ਭਾਈ, 4 ਫਰਵਰੀ (ਕੁਲਜਿੰਦਰ ਸਿੰਘ ਗਿੱਲ)-ਅਜੋਕੇ ਸਮੇਂ ਦੌਰਾਨ ਪੰਜਾਬ ਅੰਦਰ ਭੰਡਾਰਨ ਦਾ ਗੰਭੀਰ ਸੰਕਟ ਬਣਿਆ ਹੋਇਆ ਹੈ, ਉਸ ਨੇ ਕਿਸਾਨਾਂ, ਰਾਈਸ ਮਿੱਲਰਾਂ ਤੇ ਮਜ਼ਦੂਰਾਂ ਤਿੰਨਾਂ ਦੀ ਰੋਜ਼ੀ-ਰੋਟੀ ਨੂੰ ਖ਼ਤਰੇ ਵਿਚ ਪਾ ਦਿੱਤਾ ਹੈ | ਝੋਨੇ ਦੀ ਮਿਲਿੰਗ ਸ਼ੁਰੂ ਹੋਣ ਦੇ ਬਾਵਜੂਦ ਚਾਵਲ ਦੀ ਲਿਫ਼ਟਿੰਗ ਨਾ ਹੋਣ ਕਾਰਨ ਗੁਦਾਮ ਭਰੇ ਪਏ ਹਨ | ਅਜਿਹੇ ਹਾਲਾਤ ਲਈ ਕੇਂਦਰ ਦੀ ਭਾਜਪਾ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਤੇ ਪੰਜਾਬ ਦੀ 'ਆਪ' ਸਰਕਾਰ ਦੀ ਅਯੋਗਤਾ ਦਾ ਨਤੀਜਾ ਹਨ | ਇਹ ਪ੍ਰਗਟਾਵਾ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਕਾਂਗਰਸ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕੀਤਾ | ਉਨ੍ਹਾਂ ਕਿਹਾ ਪੰਜਾਬ ਤੋਂ ਕੇਂਦਰ ਨੂੰ ਲਗਪਗ 95 ਲੱਖ ਮੀਟਰਿਕ ਟਨ ਚਾਵਲ ਦੀ ਡਿਲਿਵਰੀ ਹੋਣੀ ਹੈ, ਪਰ ਕੇਂਦਰ ਸਰਕਾਰ ਜਾਣਬੁੱਝ ਕੇ ਲਿਫ਼ਟਿੰਗ ਨੂੰ ਧੀਮਾ ਰੱਖ ਰਹੀ ਹੈ | ਇਸ ਨਾਲ ਨਾ ਸਿਰਫ਼ ਕਿਸਾਨਾਂ ਦੀ ਫ਼ਸਲ ਬੇਕਦਰੀ ਹੋ ਰਹੀ ਹੈ ਸਗੋਂ ਰਾਈਸ ਮਿਲਾਂ 'ਚ ਕੰਮ ਕਰਨ ਵਾਲੇ ਹਜ਼ਾਰਾਂ ਮਜ਼ਦੂਰ ਵੀ ਬੇਰੁਜ਼ਗਾਰੀ ਵੱਲ ਵਧ ਰਹੇ ਹਨ | ਜਦ ਕਿ 15 ਫ਼ੀਸਦੀ ਬਰੋਕਨ ਚੌਲ ਨੂੰ ਲੈ ਕੇ ਭਾਜਪਾ ਸਰਕਾਰ ਦੀ ਗੁੰਝਲਦਾਰ ਨੀਤੀ ਨੇ ਹਾਲਾਤ ਹੋਰ ਵੀ ਖ਼ਰਾਬ ਕਰ ਦਿੱਤੇ ਹਨ ਤੇ ਇਥਨੌਲ ਲਈ ਚੌਲ ਦੀ ਵਰਤੋਂ ਸਿਰਫ਼ ਐਲਾਨਾਂ ਤੱਕ ਸੀਮਤ ਹੈ, ਜਦ ਕਿ ਜ਼ਮੀਨੀ ਪੱਧਰ 'ਤੇ ਕੋਈ ਖ਼ਰੀਦ ਨਹੀਂ ਹੋ ਰਹੀ | ਉਨ੍ਹਾਂ ਸੂਬਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਵੀ ਇਸ ਮਸਲੇ 'ਤੇ ਪੂਰੀ ਤਰ੍ਹਾਂ ਨਾਕਾਮੀ ਦਿਖਾਈ ਹੈ | ਪੰਜਾਬ ਸਰਕਾਰ ਵਲੋਂ ਨਾ ਭੰਡਾਰਨ ਸਮਰੱਥਾ ਸਮੇਂ ਸਿਰ ਵਧਾਈ ਗਈ, ਨਾ ਹੀ ਕੇਂਦਰ 'ਤੇ ਦਬਾਅ ਬਣਾਇਆ ਗਿਆ, ਜਿਸ ਦੇ ਨਤੀਜੇ ਵਜੋਂ ਕਿਸਾਨ, ਚੌਲ ਮਿੱਲ ਮਾਲਕ ਤੇ ਮਜ਼ਦੂਰ ਸਰਕਾਰ ਦੀ ਲਾਪ੍ਰਵਾਹੀ ਖ਼ਮਿਆਜ਼ਾ ਭੁਗਤ ਰਹੇ ਹਨ |