ਗ੍ਰਾਮ ਨਿਆਲਿਆਂ ਅਤੇ ਡਿਫੈਂਸ ਕੌਂਸਲ ਦੀ ਨਿਯੁਕਤੀ ਦੇ ਵਿਰੋਧ 'ਚ ਫ਼ਿਰੋਜ਼ਪੁਰ ਦੇ ਵਕੀਲਾਂ ਨੇ ਦਿੱਤਾ ਧਰਨਾ
ਅਜੀਤ ਡੈਸਕ
06-02-2026
ਫ਼ਿਰੋਜ਼ਪੁਰ, 5 ਫਰਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਵਲੋਂ ਸੂਬਾ ਪੱਧਰੀ ਸੱਦੇ 'ਤੇ ਰੋਸ ਪ੍ਰਗਟ ਕਰਦੇ ਹੋਏ ਧਰਨਾ ਦਿੱਤਾ ਅਤੇ ਵਕੀਲ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਗਾਏ | ਧਰਨੇ ਨੂੰ ਸੰਬੋਧਿਤ ਕਰਦੇ ਹੋਏ ਜ਼ਿਲ੍ਹਾ ਬਾਰ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਲਵਜੀਤ ਪਾਲ ਸਿੰਘ ਟੁਰਨਾ, ਉਪ ਪ੍ਰਧਾਨ ਜੋਬਨਜੀਤ ਸਿੰਘ ਸਿੱਧੂ ਅਤੇ ਸਕੱਤਰ ਨੀਲ ਰਤਨ ਸ਼ਰਮਾ ਆਦਿ ਵਕੀਲਾਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਵਕੀਲਾਂ ਵਲੋਂ ਗ੍ਰਾਮ ਨਿਆਂਲਿਆਂ ਨੂੰ ਸਥਾਪਤ ਕਰਨ ਅਤੇ ਅਦਾਲਤਾਂ ਵਿਚ ਕਾਨੂੰਨੀ ਸੇਵਾਵਾਂ ਰਾਹੀਂ ਡਿਫੈਂਸ ਕੌਂਸਲ ਨਿਯੁਕਤ ਕਰਨ ਆਦਿ ਦੇ ਵਿਰੋਧ 'ਚ 5 ਫਰਵਰੀ ਤੋਂ 7 ਫਰਵਰੀ ਤੱਕ ਤਿੰਨ ਦਿਨ ਲਈ ਹੜਤਾਲ ਰੱਖਣ ਦਾ ਐਲਾਨ ਕੀਤਾ ਗਿਆ ਹੈ | ਜਿਸ ਦੇ ਚੱਲਦੇ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨਾਂ ਤਰਫ਼ੋਂ ਦਿੱਤੇ ਸੱਦੇ 'ਤੇ ਫ਼ਿਰੋਜਪੁਰ ਦੇ ਵਕੀਲ ਵੀ 5 ਫਰਵਰੀ ਤੋਂ 7 ਫਰਵਰੀ ਤੱਕ ਪੂਰਨ ਹੜਤਾਲ 'ਤੇ ਹਨ | ਧਰਨੇ 'ਚ ਬੁਲਾਰਿਆਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਲਿਆ ਗਿਆ ਕਿ ਗ੍ਰਾਮ ਨਿਆਂਲਿਆਂ ਐਕਟ 2008 ਦੇ ਲਾਗੂ ਕਰਨ ਅਤੇ ਸੂਬੇ ਅੰਦਰ ਗ੍ਰਾਮ ਨਿਆਂਲਿਆਂ ਸਥਾਪਤ ਕਰਨ ਦਾ ਸਖ਼ਤ ਵਿਰੋਧ ਕੀਤਾ ਜਾਵੇਗਾ |
ਇਸ ਤੋਂ ਇਲਾਵਾ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਰਾਹੀਂ ਅਦਾਲਤਾਂ ਵਿਚ ਡਿਫੈਂਸ ਕੌਂਸਲ ਦੀਆਂ ਨਿਯੁਕਤੀਆਂ ਨਾਲ ਨਿੱਜੀ ਵਕੀਲਾਂ ਦਾ ਕੰਮ ਬਹੁਤ ਪ੍ਰਭਾਵਿਤ ਹੋ ਰਿਹਾ ਹੈ ਅਤੇ ਐਕਸ਼ਨ ਪਲਾਨ ਦੇ ਨਾਮ 'ਤੇ ਅਦਾਲਤਾਂ ਵਲੋਂ ਜਬਰੀ ਕੇਸਾਂ ਦਾ ਨਿਪਟਾਰਾ ਕਰ ਨਿਆਂ ਦਾ ਘਾਣ ਕੀਤਾ ਜਾ ਰਿਹਾ ਹੈ ਜਿਸ ਦਾ ਵਿਰੋਧ ਕੀਤਾ ਜਾ ਰਿਹਾ ਹੈ | ਵਕੀਲਾਂ ਵਲੋਂ ਅੱਜ ਦੇ ਪ੍ਰਦਰਸ਼ਨ ਵਿਚ ਬੈਨਰ ਫੜ ਕੇ ਆਪਣਾ ਗ਼ੁੱਸਾ ਜ਼ਾਹਿਰ ਕੀਤਾ ਗਿਆ |