ਫ਼ਿਰੋਜ਼ਪੁਰ, 5 ਫਰਵਰੀ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਅਧੀਨ ਪੈਂਦੇ ਪਿੰਡ ਨੌਰੰਗ ਕੇ ਲੇਲੀ ਵਾਲਾ ਵਿਖੇ ਦੇਰ ਰਾਤ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਇਕ ਗ਼ਰੀਬ ਪਰਿਵਾਰ ਦੇ ਪਸ਼ੂਆਂ ਵਾਲੇ ਕਮਰੇ ਨੂੰ ਅਚਾਨਕ ਅੱਗ ਲੱਗਣ ਨਾਲ ਕਮਰੇ ਵਿਚ ਪਿਆ ਸਾਰਾ ਘਰੇਲੂ ਸਮਾਨ ਸੜ ਕੇ ਸੁਆਹ ਹੋ ਗਿਆ | ਜਦ ਕਿ ਅੱਗ ਦੀ ਲਪੇਟ 'ਚ ਆਉਣ ਨਾਲ ਇਕ ਮੱਝ ਅਤੇ ਇਕ ਗਾਂ ਝੁਲਸ ਕੇ ਮਰ ਗਈਆਂ | ਪੀੜਤ ਚਰਨ ਸਿੰਘ ਪੁੱਤਰ ਅਰੂੜ ਸਿੰਘ ਵਾਸੀ ਪਿੰਡ ਨੌਰੰਗ ਕੇ ਲੇਲੀ ਵਾਲਾ ਨੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਦਿੱਤੀ ਦਰਖ਼ਾਸਤ ਵਿਚ ਦੱਸਿਆ ਕਿ ਬੀਤੀ ਰਾਤ ਉਹ ਆਪਣੀ ਮੱਝ ਅਤੇ ਗਾਂ ਨੂੰ ਪਸ਼ੂਆਂ ਵਾਲੇ ਕਮਰੇ ਵਿਚ ਬੰਨ੍ਹ ਕੇ ਸੁੱਤਾ ਸੀ ਤਾਂ ਅਚਾਨਕ ਉਸ ਕਮਰੇ ਨੂੰ ਅੱਗ ਲੱਗ ਗਈ, ਜਿਸ ਨਾਲ ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰ ਲਿਆ ਅਤੇ ਅੱਗ ਨਾਲ ਕਮਰੇ ਵਿਚ ਪਿਆ ਸਮਾਨ ਦੋ ਮੰਜੇ, ਪਰਿਵਾਰ ਦੇ ਕੱਪੜੇ, ਲੋਹੇ ਦਾ ਟਰੰਕ, ਭਾਂਡੇ, ਸਾਈਕਲ, ਨਿੱਕਾ-ਮੋਟਾ ਘਰੇਲੂ ਸਮਾਨ ਅਤੇ ਕਮਰੇ ਵਿਚ ਸਟੋਰ ਕੀਤੀ ਤੂੜੀ ਪੂਰੀ ਤਰ੍ਹਾਂ ਸੜ ਗਈ | ਅੱਗ ਇੰਨੀ ਭਿਆਨਕ ਸੀ ਕਿ ਦੋਵੇਂ ਪਸ਼ੂਆਂ ਨੂੰ ਬਚਾਇਆ ਨਾ ਜਾ ਸਕਿਆ ਅਤੇ ਉਹ ਮੌਕੇ 'ਤੇ ਹੀ ਝੁਲਸ ਕੇ ਮਰ ਗਏ | ਘਟਨਾ ਦੀ ਜਾਣਕਾਰੀ ਮਿਲਣ ਉਪਰੰਤ ਆਸ-ਪਾਸ ਦੇ ਲੋਕ ਮੌਕੇ 'ਤੇ ਪਹੁੰਚੇ ਅਤੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਤਦ ਤੱਕ ਨੁਕਸਾਨ ਹੋ ਚੁੱਕਾ ਸੀ | ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ, ਜਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਪੀੜਤ ਚਰਨ ਸਿੰਘ ਨੇ ਦੱਸਿਆ ਕਿ ਉਹ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਹੈ ਅਤੇ ਮੱਝ ਤੇ ਗਾਂ ਹੀ ਉਸ ਦੀ ਰੋਜ਼ੀ-ਰੋਟੀ ਦਾ ਮੁੱਖ ਸਾਧਨ ਸਨ | ਅੱਗ ਕਾਰਨ ਪਸ਼ੂਆਂ ਦੀ ਮੌਤ ਅਤੇ ਘਰੇਲੂ ਸਮਾਨ ਦੇ ਸੜ ਜਾਣ ਨਾਲ ਉਸ ਦਾ ਪਰਿਵਾਰ ਭਾਰੀ ਮੁਸੀਬਤ ਵਿਚ ਫਸ ਗਿਆ ਹੈ | ਪੀੜਤ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਸ ਦੀ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਪਰਿਵਾਰ ਅਤੇ ਬੱਚਿਆਂ ਦੀ ਪਰਵਰਿਸ਼ ਕਰ ਸਕੇ |