ਫ਼ਾਜ਼ਿਲਕਾ, 5 ਫਰਵਰੀ (ਦਵਿੰਦਰ ਪਾਲ ਸਿੰਘ)-ਥਾਣਾ ਸਦਰ ਪੁਲਿਸ ਨੇ ਕੁੱਟਮਾਰ ਕਰਨ ਵਾਲੇ 9 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਬਲਕਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਨਮਦੀਪ ਸਿੰਘ ਪੁੱਤਰ ਓਮ ਪ੍ਰਕਾਸ਼ ਵਾਸੀ ਬਹਿਕ ਖ਼ਾਸ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਸਹੁਰੇ ਪਰਿਵਾਰ ਵਲੋਂ ਉਸ ਦੇ ਘਰ ਆ ਕੇ ਉਸ ਦੀ ਪਤਨੀ ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਦੀ ਕੁੱਟਮਾਰ ਕੀਤੀ ਅਤੇ ਘਰ ਵਿਚ ਭੰਨ ਤੋੜ ਕੀਤੀ ਅਤੇ ਕਰੀਬ 9 ਤੋਲੇ ਸੋਨਾ, 50 ਹਜ਼ਾਰ ਰੁਪਏ ਨਗਦ ਚੁੱਕ ਕੇ ਲੈ ਗਏ ਅਤੇ ਉਸ ਨੂੰ ਜਬਰਨ ਕਾਪਾ ਦਿਖਾ ਕੇ ਗੱਡੀ ਵਿਚ ਬਿਠਾ ਕੇ ਲੈ ਗਏ | ਜਾਂਚ ਰਿਪੋਰਟ ਮਾਨਯੋਗ ਸੀਨੀਅਰ ਕਪਤਾਨ ਪੁਲਿਸ ਫ਼ਾਜ਼ਿਲਕਾ ਦੇ ਦਫ਼ਤਰ ਤੋਂ ਪ੍ਰਾਪਤ ਹੋਣ ਤੋਂ ਬਾਅਦ ਪੁਲਿਸ ਨੇ ਕੁਲਵਿੰਦਰ ਸਿੰਘ ਉਰਫ਼ ਬੱਬੂ ਪੁੱਤਰ ਸੁਖਦੇਵ ਸਿੰਘ, ਜਸਵਿੰਦਰ ਕੌਰ ਪੁੱਤਰੀ ਸੁਖਦੇਵ ਸਿੰਘ, ਅਜੀਤ ਕੋਰ ਪਤਨੀ ਸੁਖਦੇਵ ਸਿੰਘ, ਕੀਰਤ ਕੌਰ ਪਤਨੀ ਕੁਲਵੰਤ ਸਿੰਘ ਵਾਸੀ ਬਨੀ ਤਹਿ ਅਤੇ ਜ਼ਿਲ੍ਹਾ ਸਿਰਸਾ, ਵੀਨਾ ਰਾਣੀ ਪਤਨੀ ਹੈਪੀ ਸਿੰਘ ਵਾਸੀ ਟੀਚਰ ਕਾਲੋਨੀ ਫ਼ਾਜ਼ਿਲਕਾ ਅਤੇ 4-5 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |