ਮਮਦੋਟ, 5 ਫਰਵਰੀ (ਸੁਖਦੇਵ ਸਿੰਘ ਸੰਗਮ)-ਪਿਛਲੇ 8 ਮਹੀਨਿਆਂ ਤੋਂ ਨਜ਼ਰਬੰਦ ਅਤੇ ਮਾਨਯੋਗ ਅਦਾਲਤ ਵਲੋਂ ਜ਼ਮਾਨਤ ਮਿਲਣ ਤੇ ਨਾਭਾ ਜੇਲ੍ਹ ਤੋਂ ਰਿਹਾਅ ਹੋ ਕੇ ਘਰ ਆਏ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਜ਼ਿਲ੍ਹਾ ਪ੍ਰਧਾਨ ਫ਼ਿਰੋਜ਼ਪੁਰ ਜੋਗਿੰਦਰ ਸਿੰਘ ਜਿੰਦੂ ਅਤੇ ਅਕਾਲੀ ਦਲ ਦੀ ਟੀਮ ਵਲੋਂ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਹਾਲ ਜਾਣਿਆਂ | ਇਸ ਮੁਲਾਕਾਤ ਬਾਰੇ ਜ਼ਿਲ੍ਹਾ ਪ੍ਰਧਾਨ ਜਿੰਦੂ ਨੇ ਦੱਸਿਆ ਕਿ ਮਜੀਠੀਆ ਪੂਰੀ ਤਰ੍ਹਾਂ ਸਿਹਤਮੰਦ ਅਤੇ ਚੜ੍ਹਦੀ ਕਲਾ ਵਿਚ ਹਨ | ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਦੀ ਰਿਹਾਈ ਨਾਲ ਜਿੱਥੇ ਸਮੁੱਚੇ ਪੰਜਾਬੀਆਂ ਦਾ ਨਿਆਂ-ਪਾਲਿਕਾ ਉੱਤੇ ਭਰੋਸਾ ਵਧਿਆ ਹੈ, ਉੱਥੇ ਹੀ ਮਜੀਠੀਆ ਦੇ ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਪੂਰੇ ਪੰਜਾਬ ਵਿਚ ਹੋਰ ਮਜ਼ਬੂਤੀ ਅਤੇ ਉਤਸ਼ਾਹ ਮਿਲੇਗਾ | ਜ਼ਿਲ੍ਹਾ ਪ੍ਰਧਾਨ ਜੋਗਿੰਦਰ ਸਿੰਘ ਜਿੰਦੂ ਨੇ ਸੂਬਾ ਸਰਕਾਰ ਦੀ ਕਾਰਵਾਈ ਨੂੰ ਬਦਲਾ-ਖੋਰੀ ਦੀ ਭਾਵਨਾ ਦੱਸਦੇ ਹੋਏ ਕਿਹਾ ਕਿ ਆਪ ਸਰਕਾਰ ਪੰਜਾਬ ਦੇ ਵਿਕਾਸ ਲਈ ਕੁਝ ਕਰਨ ਦੀ ਬਜਾਏ ਸਿਰਫ਼ ਝੂਠੀ ਬਿਆਨਬਾਜ਼ੀ ਅਤੇ ਵਿਰੋਧੀ ਪਾਰਟੀਆਂ ਦੇ ਆਗੂਆਂ ਖ਼ਿਲਾਫ਼ ਬਦਲਾ ਲਊ ਭਾਵਨਾ ਨਾਲ ਕੰਮ ਕਰਕੇ ਜਨਤਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਲੋਕ ਹੁਣ ਇਨ੍ਹਾਂ ਦੀਆਂ ਚਾਲਾਂ ਵਿਚ ਨਹੀਂ ਫਸਣਗੇ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਟਿੱਬੀ ਅਤੇ ਸਕੱਤਰ ਜਨਰਲ ਜੋਗਾ ਸਿੰਘ ਮੁਕਰਵਾਲਾ ਮੌਜੂਦ ਸਨ |