ਗੁਰੂਹਰਸਹਾਏ, 6 ਫਰਵਰੀ (ਕਪਿਲ ਕੰਧਾਰੀ)-ਗੁਰੂਹਰਸਹਾਏ ਸ਼ਹਿਰ ਦੇ ਰੇਲਵੇ ਪੁਲ ਕੋਲ ਪੱਠੇ ਵੇਚਣ ਵਾਲੇ ਕਈ ਲੋਕਾਂ ਰੋਜ਼ਾਨਾ ਪੱਠਿਆ ਨਾਲ ਭਰੀਆਂ ਟਰਾਲੀਆਂ ਖੜ੍ਹੀਆਂ ਕਰਕੇ ਆਪਣਾ ਕਾਰੋਬਾਰ ਕਰ ਰਹੇ ਹਨ | ਇਹ ਟਰਾਲੀਆਂ ਸੜਕ ਦੇ ਬਿਲਕੁਲ ਨਾਲ ਅਤੇ ਕਈ ਵਾਰ ਸੜਕ ਦੇ ਵਿਚਕਾਰ ਤੱਕ ਲੱਗੀਆਂ ਰਹਿੰਦੀਆਂ ਹਨ, ਜਿਸ ਕਾਰਨ ਕਿਸੇ ਵੀ ਸਮੇਂ ਵੱਡਾ ਹਾਦਸਾ ਹੋਣ ਦਾ ਡਰ ਬਣਿਆ ਹੋਇਆ ਹੈ ਉਥੇ ਹੀ ਆਵਾਜਾਈ ਵਿਚ ਭਾਰੀ ਰੁਕਾਵਟ ਪੈਦਾ ਹੋ ਰਹੀ ਹੈ | ਇਸ ਰਸਤੇ ਤੋਂ ਹਰ ਸਵੇਰੇ ਤੜਕੇ ਕਈ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਸਕੂਲ ਆਉਣ-ਜਾਣ ਲਈ ਲੰਘਦੇ ਹਨ | ਤੰਗ ਸੜਕ, ਰੇਲਵੇ ਪੁਲ ਤੇ ਪੱਠਿਆ ਨਾਲ ਭਰੀਆਂ ਟਰਾਲੀਆਂ ਕਾਰਨ ਬੱਚਿਆਂ ਦੀ ਜਾਨ ਅਤੇ ਆਮ ਲੋਕਾਂ ਦੀ ਜਾਨ ਹਰ ਰੋਜ਼ ਖ਼ਤਰੇ ਵਿਚ ਪਈ ਹੋਈ ਹੈ | ਇਨ੍ਹਾਂ ਪੱਠਿਆ ਨੂੰ ਦੇਖ ਕੇ ਕਈ ਵਾਰ ਬੇਸਹਾਰਾ ਪਸ਼ੂ ਵੀ ਇਨ੍ਹਾਂ ਨੂੰ ਖਾਣ ਲਈ ਸੜਕ 'ਤੇ ਆ ਜਾਂਦੇ ਹਨ, ਜਿਸ ਕਾਰਨ ਸੜਕ ਹਾਦਸੇ ਹੋਣ ਦਾ ਡਰ ਹੋਰ ਵੀ ਜ਼ਿਆਦਾ ਖ਼ਤਰਾ ਬਣ ਜਾਂਦਾ ਹੈ | ਇਲਾਕੇ ਦੇ ਲੋਕਾਂ ਤੇ ਮਾਪਿਆਂ ਦਾ ਕਹਿਣਾ ਹੈ ਕਿ ਕਿਸੇ ਵੀ ਸਮੇਂ ਇਥੇ ਵੱਡਾ ਹਾਦਸਾ ਵਾਪਰ ਸਕਦਾ ਹੈ | ਹੈਰਾਨੀਜਨਕ ਗੱਲ ਇਹ ਹੈ ਕਿ ਫ਼ਿਰੋਜ਼ਪੁਰ ਦੇ ਆਰ. ਟੀ. ਓ. ਤੇ ਟਰਾਂਸਪੋਰਟ ਅਥਾਰਿਟੀ ਦੇ ਅਧਿਕਾਰੀ ਵੀ ਗੁਰੂਹਰਸਹਾਏ ਦੇ ਨਿਵਾਸੀ ਹਨ ਅਤੇ ਉਹ ਹਰ ਰੋਜ਼ ਇਸੇ ਰਸਤੇ ਤੋਂ ਆਪਣੀ ਗੱਡੀ 'ਚ ਸਵਾਰ ਹੋ ਕੇ ਲੰਘਦੇ ਹਨ | ਇਸ ਦੇ ਬਾਵਜੂਦ ਅੱਜ ਤੱਕ ਨਾ ਤਾਂ ਪੱਠਿਆ ਦੀਆਂ ਟਰਾਲੀਆਂ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ ਤੇ ਨਾ ਹੀ ਟ੍ਰੈਫ਼ਿਕ ਸੁਧਾਰ ਸੰਬੰਧੀ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਤੇ ਹੋਰ ਵੀ ਕਈ ਪੁਲਿਸ ਅਧਿਕਾਰੀਆਂ ਦੀਆਂ ਗੱਡੀਆਂ ਇੱਥੋਂ ਲੰਘਦੀਆਂ ਹਨ | ਪਰ ਕਿਸੇ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਨਾਲ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਹੋ ਰਹੇ ਹਨ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇ ਕੋਈ ਅਧਿਕਾਰੀ ਖ਼ੁਦ ਇਸ ਰਸਤੇ ਤੋਂ ਰੋਜ਼ਾਨਾ ਲੰਘਦਾ ਹੋਵੇ ਤੇ ਫਿਰ ਵੀ ਅੱਖਾਂ ਮੰੁਦ ਕੇ ਬੈਠਾ ਰਹੇ ਤਾਂ ਆਮ ਲੋਕ ਕਿਸ ਕੋਲ ਫ਼ਰਿਆਦ ਲੈ ਕੇ ਜਾਣ | ਸਥਾਨਕ ਲੋਕਾਂ ਵਲੋਂ ਮੰਗ ਕੀਤੀ ਗਈ ਹੈ ਕਿ ਰੇਲਵੇ ਪੁਲ ਦੇ ਨੇੜੇ ਪੱਠਿਆ ਦੀਆਂ ਟਰਾਲੀਆਂ ਖੜ੍ਹੀਆਂ ਕਰਨ 'ਤੇ ਤੁਰੰਤ ਪਾਬੰਦੀ ਲਗਾਈ ਜਾਵੇ ਜਾਂ ਉਨ੍ਹਾਂ ਲਈ ਕੋਈ ਵੱਖਰਾ ਸਥਾਨ ਨਿਰਧਾਰਿਤ ਕੀਤਾ ਜਾਵੇ ਤਾਂ ਜੋ ਸਕੂਲੀ ਬੱਚਿਆਂ ਤੇ ਆਮ ਜਨਤਾ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਵਲੋਂ ਕਾਰਵਾਈ ਨਾ ਕੀਤੀ ਗਈ ਤਾਂ ਕਿਸੇ ਵੀ ਅਣਹੋਣੀ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਦੀ ਹੋਵੇਗੀ | ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਲੋਕਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੰਦਾ ਹੈ ਜਾਂ ਕੋਈ ਵੱਡਾ ਹਾਦਸਾ ਹੋਣ ਤੋਂ ਬਾਅਦ ਹੀ ਜਾਗਦਾ ਹੈ | ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ |