ਫ਼ਿਰੋਜ਼ਪੁਰ, 6 ਫਰਵਰੀ (ਰਾਕੇਸ਼ ਚਾਵਲਾ)-ਜ਼ਿਲ੍ਹਾ ਫ਼ਿਰੋਜ਼ਪੁਰ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਚੋਰੀ ਦੇ 15 ਮੋਟਰਸਾਈਕਲ, 1 ਐਕਟਿਵਾ, 1 ਗੈੱਸ ਸਿਲੰਡਰ, 1 ਵਾਸ਼ਿੰਗ ਮਸ਼ੀਨ ਅਤੇ 568 ਗ੍ਰਾਮ ਹੈਰੋਇਨ ਸਣੇ 5 ਲੋਕਾਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਥਾਣਾ ਕੈਂਟ ਫ਼ਿਰੋਜ਼ਪੁਰ ਵਿਖੇ ਬੀ. ਐਨ. ਐੱਸ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਐੱਸ. ਐੱਚ. ਓ. ਸੁਖਚੈਨ ਮਹਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਬੀਤੇ ਦਿਨ ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਦੀ ਅਗਵਾਈ 'ਚ ਗਸ਼ਤ ਲਈ ਰਵਾਨਾ ਸੀ ਤਾਂ ਗਸ਼ਤ ਕਰਦੀ ਹੋਈ ਚੁੰਗੀ ਨੰਬਰ 7 ਫ਼ਿਰੋਜ਼ਪੁਰ ਕੈਂਟ ਪਹੁੰਚੀ | ਇਸ ਦੌਰਾਨ ਉਨ੍ਹਾਂ ਨੂੰ ਖ਼ਾਸ ਮੁਖ਼ਬਰ ਨੇ ਇਤਲਾਹ ਦਿੱਤੀ ਕਿ ਵਿਕਾਸ ਉਰਫ਼ ਆਕਾਸ਼ ਪੁੱਤਰ ਜੈਮਸ, ਸਨਮ ਪੁੱਤਰ ਸੋਨੂੰ ਵਾਸੀਅਨ ਬਸਤੀ ਆਵਾ ਫ਼ਿਰੋਜ਼ਪੁਰ ਸ਼ਹਿਰ, ਮੋਹਨ ਉਰਫ਼ ਆਕਾਸ਼ ਪੁੱਤਰ ਦਰਸ਼ਨ ਲਾਲ ਵਾਸੀ ਗਲੀ ਭੰਡਾਰੀਆਂ ਵਾਲੀ ਬਸਤੀ ਭੱਟੀਆਂ ਵਾਲੀ, ਫ਼ਿਰੋਜ਼ਪੁਰ ਸ਼ਹਿਰ, ਸਾਜਨ ਉਰਫ਼ ਸਾਜੀ ਪੁੱਤਰ ਬਾਊ ਲਾਲ ਵਾਸੀ ਗੋਲ ਬਾਗ਼ ਫ਼ਿਰੋਜ਼ਪੁਰ ਸ਼ਹਿਰ ਜੋ ਵਹੀਕਲ ਚੋਰੀ ਕਰਨ ਤੇ ਹੋਰ ਚੋਰੀਆਂ ਕਰਨ ਦੇ ਆਦੀ ਹਨ, ਜੋ ਹੁਣ ਵੀ ਚੋਰੀ ਕੀਤੇ ਹੋਏ ਮੋਟਰਸਾਈਕਲ ਅਤੇ ਹੋਰ ਸਾਮਾਨ ਨੂੰ ਵੇਚਣ ਲਈ ਸ਼ਮਸ਼ਾਨਘਾਟ ਰੋਡ 'ਤੇ ਝਾੜੀਆਂ ਪਾਸ ਮੌਜੂਦ ਹਨ | ਜੇਕਰ ਉਨ੍ਹਾਂ 'ਤੇ ਛਾਪੇਮਾਰੀ ਮਾਰੀ ਕੀਤੀ ਜਾਵੇ ਤਾਂ ਚੋਰੀ ਦੇ ਮੋਟਰਸਾਈਕਲ ਤੇ ਹੋਰ ਚੋਰੀ ਕੀਤੇ ਹੋਏ ਸਾਮਾਨ ਸਮੇਤ ਕਾਬੂ ਆ ਸਕਦੇ ਹਨ | ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ 15 ਮੋਟਰਸਾਈਕਲ, 1 ਐਕਟਿਵਾ, 1 ਗੈੱਸ ਸਿਲੰਡਰ ਤੇ 1 ਵਾਸ਼ਿੰਗ ਮਸ਼ੀਨ ਬਰਾਮਦ ਹੋਈ | ਇਸੇ ਹੀ ਥਾਣੇ ਦੇ ਏ. ਐੱਸ. ਆਈ. ਗੁਰਦੇਵ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ 'ਚ ਰਾਕੇਸ਼ ਪਾਇਲਟ ਚੌਕ ਫ਼ਿਰੋਜ਼ਪੁਰ ਕੈਂਟ ਮੌਜੂਦ ਸੀ ਤਾਂ ਇਸ ਦੌਰਾਨ ਖ਼ਾਸ ਮੁਖ਼ਬਰ ਨੇ ਦੱਸਿਆ ਕਿ ਖਦੀਜਾ ਬੀਮਾਲੀ ਪਤਨੀ ਮੁਹੰਮਦ ਸਾਈਅਦ ਪੁੱਤਰੀ ਮੁਹੰਮੂਨੀ ਕੱਚੂ ਹਾਜੀ, ਵਾਸੀ ਮਕਾਨ ਨੰਬਰ ਜੀ 3/611 ਮਲਹਰ ਲੇਖਪੁਰਮ ਕੋਆਪਰੇਟਿਵ ਹਾਊਸਿੰਗ ਸੁਸਾਇਟੀ ਲੋਕਪੁਰਮ, ਪਹਿਲਾ ਗੇਟ ਆਫ਼ ਪੋਖਰਨ ਰੋਡ ਨੰਬਰ 2 ਆਈ. ਸੀ. ਆਈ. ਸੀ. ਆਈ. ਬੈਂਕ ਦੇ ਉੱਪਰ ਠਾਣੇ ਸਟੇਟ ਮਹਾਰਾਸ਼ਟਰ ਹੈਰੋਇਨ ਵੇਚਣ ਦਾ ਧੰਦਾ ਕਰਦੀ ਹੈ ਅਤੇ ਅੱਜ ਵੀ ਇੱਧਰੋਂ ਹੈਰੋਇਨ ਦੀ ਖੇਪ ਲੈ ਕੇ ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਵੱਲ ਨੂੰ ਜਾ ਰਹੀ ਹੈ | ਜੇਕਰ ਹੁਣੇ ਉਸ ਨੂੰ ਕਾਬੂ ਕਰਕੇ ਤਲਾਸ਼ੀ ਕੀਤੀ ਜਾਵੇ ਤਾਂ ਉਸ ਪਾਸੋਂ ਭਾਰੀ ਮਾਤਰਾ ਵਿਚ ਹੈਰੋਇਨ ਬਰਾਮਦ ਹੋ ਸਕਦੀ ਹੈ | ਪੁਲਿਸ ਨੇ ਦੱਸਿਆ ਕਿ ਖਦੀਜਾ ਬੀਮਾਲੀ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 568 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖ਼ਿਲਾਫ਼ ਮਾਮਲਾ ਦਰਜ ਕਰਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ |