ਗੁਰੂਹਰਸਹਾਏ, 23 ਫਰਵਰੀ (ਕਪਿਲ ਕੰਧਾਰੀ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਆਗੂ ਜ਼ੈਲ ਸਿੰਘ ਚੱਪਾ ਅੜਿੱਕੀ, ਇਲਾਕਾ ਕਨਵੀਨਰ ਕੁਲਦੀਪ ਮੋਠਾਂਵਾਲਾ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੇ ਆਗੂ ਗੁਰਵਿੰਦਰ ਸਿੰਘ, ਪੰਜਾਬ ਸਟੂਡੈਂਟਸ ਯੂਨੀਅਨ ਦੇ ਆਗੂ ਹਰਵੀਰ ਨੇ ਦੱਸਿਆ ਕਿ ਥਾਣਾ ਲੱਖੋਂ ਕੇ ਬਹਿਰਾਮ ਅਤੇ ਥਾਣਾ ਗੁਰੂਹਰਸਹਾਏ ਨਾਲ ਸੰਬੰਧਿਤ ਮਸਲਿਆ ਲਈ ਜਦੋਂ ਡੀ. ਐੱਸ. ਪੀ. ਗੁਰੂਹਰਸਹਾਏ ਨੂੰ ਵਫ਼ਦ ਮਿਲਣ ਲਈ ਆਏ ਤਾਂ ਉਨ੍ਹਾਂ ਨੇ ਮਿਲਣਾ ਜ਼ਰੂਰੀ ਨਾ ਸਮਝਿਆ ਤਾਂ ਮਜਬੂਰਨ ਮੌਕੇ 'ਤੇ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਉਨ੍ਹਾਂ ਨੇ ਕਿਹਾ ਕਿ ਪਿੰਡ ਗੁੱਦੜ ਢੰਡੀ ਤੇ ਪਿੰਡ ਮੋਹਨ ਕੇ ਉਤਾੜ ਦੇ ਕੋਈ ਗੰਭੀਰ ਮਸਲੇ ਹਨ, ਜਿਨ੍ਹਾਂ ਨੂੰ ਹੱਲ ਕਰਨ ਦੇ ਲਈ ਕਈ ਵਾਰ ਉਹ ਪੁਲਿਸ ਅਧਿਕਾਰੀਆਂ ਨੂੰ ਮਿਲ ਚੱੁਕੇ ਹਨ | ਪਰ ਉਨ੍ਹਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ ਤੇ ਉਨ੍ਹਾਂ ਨੂੰ ਲਟਕਾਇਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜਦ ਯੂਨੀਅਨ ਵਲੋਂ ਡੀ. ਐੱਸ. ਪੀ. ਦਫ਼ਤਰ ਦੇ ਬਾਹਰ ਧਰਨਾ ਲਗਾਇਆ ਗਿਆ ਤਾਂ ਉਸ ਤੋਂ ਬਾਅਦ ਡੀ. ਐੱਸ. ਪੀ. ਵਲੋਂ ਉਨ੍ਹਾਂ ਨੂੰ ਦਫ਼ਤਰ 'ਚ ਬੁਲਾ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਜਿਹੜੇ ਵੀ ਉਨ੍ਹਾਂ ਦੇ ਮਸਲੇ ਹਨ ਉਹ ਉਨ੍ਹਾਂ ਨੂੰ ਜਲਦ ਹੱਲ ਕਰ ਦੇਣਗੇ | ਜਿਸ ਤੋਂ ਬਾਅਦ ਧਰਨਾ ਸਮਾਪਤ ਕਰ ਦਿੱਤਾ ਗਿਆ | ਇਸ ਮੌਕੇ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਹੀ ਮਸਲੇ ਹੱਲ ਨਾ ਕੀਤੇ ਗਏ ਤਾਂ ਉਹ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਣਗੇ | ਇਸ ਮੌਕੇ ਹਰਜਿੰਦਰ, ਸੰਦੀਪ, ਹਰਪ੍ਰੀਤ, ਸੁਖਦੇਵ, ਸ਼ੀਲਾ ਰਾਣੀ, ਰੀਟਾ, ਜਸਵਿੰਦਰ, ਕੁਲਵਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ |