ਫਿਰੋਜ਼ਪੁਰ, 23 ਫਰਵਰੀ (ਗੁਰਿੰਦਰ ਸਿੰਘ)-ਦੇਵ ਸਮਾਜ ਕਾਲਜ ਫ਼ਾਰ ਵਿਮਨ ਫ਼ਿਰੋਜ਼ਪੁਰ ਨੇ ਉੱਤਮਤਾ ਦੇ ਸਫ਼ਰ 'ਚ ਇਕ ਹੋਰ ਮਹੱਤਵਪੂਰਨ ਮੀਲ ਪੱਥਰ ਸਥਾਪਿਤ ਕੀਤਾ ਹੈ | ਦੇਵ ਸਮਾਜ ਕਾਲਜ ਫ਼ਾਰ ਵੁਮੈਨ ਫ਼ਿਰੋਜ਼ਪੁਰ ਨੇ ਰਾਸ਼ਟਰੀ ਪੱਧਰ 'ਤੇ ਇਕ ਹੋਰ ਮਹੱਤਵਪੂਰਨ ਉਪਲਬਧੀ ਹਾਸਲ ਕਰਦਿਆਂ ਸਮਰੱਥ ਸ਼ਰਮਾ ਸੀ. ਈ. ਓ., ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੀ ਦੇਖ-ਰੇਖ ਵਲੋਂ ਕਰਵਾਏ ਇੰਸਟੀਟਿਊਸ਼ਨਲ ਕੈਟਾਗਰੀ ਅਧੀਨ ਭਾਰਤ ਦੇ ਟਾਪ 10 ਸੰਸਥਾਨਾਂ ਵਿਚ (ਪੰਜਾਬ ਰਾਜ ਵਿਚ ਨੰਬਰ 1 ਦਰਜਾ) ਆਪਣਾ ਸਥਾਨ ਬਣਾਉਂਦਿਆਂ ਪ੍ਰਤਿਸ਼ਠਿਤ ਚੇਂਜ ਮੇਕਰ ਐਵਾਰਡ 2026 ਪ੍ਰਾਪਤ ਕੀਤਾ ਹੈ | ਇਸ ਦੇ ਨਾਲ ਹੀ ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਵਲੋਂ ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੂੰ ਉੱਚ ਸਿੱਖਿਆ ਦੇ ਖੇਤਰ 'ਚ ਗੁਣਵੱਤਾ ਵਿਚ ਨਿਰੰਤਰ ਸੁਧਾਰ, ਸਮਰੱਥਾ ਵਿਕਾਸ ਤੇ ਰੂਪਾਂਤਰਕ ਬਦਲਾਅ ਲਈ ਅਟੱਲ ਯਤਨਾਂ ਸਦਕਾ ਪ੍ਰਸ਼ੰਸਾ ਪੱਤਰ ਭੇਟ ਕੀਤਾ | ਇਹ ਪ੍ਰਸੰਸਾ ਪੱਤਰ ਸਮਰੱਥ ਸ਼ਰਮਾ ਸੀ. ਈ. ਓ. ਨੈਸ਼ਨਲ ਐਜੂ ਟਰੱਸਟ ਆਫ਼ ਇੰਡੀਆ ਦੀ ਦੇਖ-ਰੇਖ ਹੇਠ ਮੈਡਮ ਲਿੰਧੀਆਂ ਐੱਸ. ਡੀ. ਐਮ. ਫ਼ਿਰੋਜ਼ਪੁਰ ਅਤੇ ਕਾਲਜ ਮੈਨੇਜਮੈਂਟ ਨਾਲ ਮਿਲ ਕੇ ਪਿ੍ੰਸੀਪਲ ਨੂੰ ਭੇਟ ਕੀਤਾ, ਜੋ ਸੰਸਥਾ ਲਈ ਗੌਰਵਮਈ ਉਪਲਬਧੀ ਹੈ | ਇਹ ਸਨਮਾਨ ਕਾਲਜ ਵਲੋਂ ਪੇਸ਼ ਕੀਤੀ ਸ਼ਾਨਦਾਰ ਐਕਸ਼ਨ ਰਿਸਰਚ ਰਿਪੋਰਟ ਤੇ ਕਾਲਜ ਦੁਆਰਾ ਕੀਤੀਆਂ ਵੱਖ-ਵੱਖ ਪਹਿਲਕਦਮੀਆਂ ਰਾਹੀਂ ਕੀਤੇ ਗਏ ਪ੍ਰਭਾਵਸ਼ਾਲੀ ਅਤੇ ਟਿਕਾਊ ਬਦਲਾਵਾਂ ਲਈ ਪ੍ਰਦਾਨ ਕੀਤਾ ਗਿਆ ਹੈ | ਇਹ ਉਪਲਬਧੀ ਸੰਸਥਾ ਦੀ ਟਿਕਾਊ ਵਿਕਾਸ, ਨਵਚੇਤਨਾ ਆਧਾਰਿਤ ਸਿੱਖਿਆ ਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਦਿ੍ੜ੍ਹ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਹ ਮਾਣਯੋਗ ਪ੍ਰਾਪਤੀ ਸੰਸਥਾ ਦੇ ਚੇਅਰਪਰਸਨ ਡਾ. ਅਗਨੀਜ਼ ਢਿੱਲੋਂ, ਐਡਵੋਕੇਟ ਅਜੇ ਬੱਤਾ ਅਤੇ ਸਮੂਹ ਮੈਨੇਜਮੈਂਟ ਦੇ ਦੂਰ ਦਰਸ਼ੀ ਅਗਵਾਈ ਦਾ ਨਤੀਜਾ ਹੈ, ਜਿਨ੍ਹਾਂ ਦੀ ਰਹਿਨੁਮਾਈ ਹੇਠ ਕਾਲਜ ਨੇ ਨਵੀਨਤਾ, ਗੁਣਵੱਤਾ ਭਰੀ ਸਿੱਖਿਆ ਤੇ ਸਮਾਜਿਕ ਸੇਵਾ ਦੇ ਖੇਤਰ ਵਿਚ ਉੱਚ ਮਾਪਦੰਡ ਸਥਾਪਿਤ ਕੀਤੇ ਹਨ | ਕਾਲਜ ਪਿ੍ੰਸੀਪਲ ਡਾ. ਸੰਗੀਤਾ ਨੇ ਇਸ ਉਪਲਬਧੀ 'ਤੇ ਈਕੋ ਕਲੱਬ, ਸਵੱਛ ਭਾਰਤ ਸੈੱਲ, ਗਰੀਨ ਆਡਿਟ ਸੈੱਲ ਦੇ ਇੰਚਾਰਜ, ਮੈਂਬਰਾਨ ਅਤੇ ਕਾਲਜ ਦੇ ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਸਫਲਤਾ ਦਾ ਸਿਹਰਾ ਕਾਲਜ ਦੇ ਅਧਿਆਪਕ ਵਰਗ ਤੇ ਵਿਦਿਆਰਥਣਾਂ ਦੇ ਸਾਂਝੇ ਯਤਨਾਂ ਦਾ ਫਲ ਹੈ | ਸਾਡੇ ਲਈ ਇਹ ਐਵਾਰਡ ਗੁਣਵੱਤਾ-ਪੂਰਨ ਸਿੱਖਿਆ, ਨਵੀਨਤਮ ਪਾਠ-ਪੱਧਤੀਆਂ ਦੇ ਤਰੀਕਿਆਂ ਤੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਕੀਤੇ ਜਾ ਰਹੇ ਲਗਾਤਾਰ ਉਪਰਾਲਿਆਂ ਦਾ ਪ੍ਰਤੀਕ ਹੈ | ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਕਾਲਜ ਭਵਿੱਖ ਵਿਚ ਵੀ ਸਿੱਖਿਆ ਦੇ ਖੇਤਰ 'ਚ ਨਵੇਂ ਮਾਪਦੰਡ ਸਥਾਪਿਤ ਕਰਦਾ ਰਹੇਗਾ |