ਫ਼ਿਰੋਜ਼ਪੁਰ, 24 ਫਰਵਰੀ (ਗੁਰਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਜੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੀਆਂ ਹਲਕਾ ਵਾਰ ਰੈਲੀਆਂ ਦੀ ਲੜੀ ਤਹਿਤ ਅੱਜ ਫ਼ਿਰੋਜ਼ਪੁਰ ਦਿਹਾਤੀ ਹਲਕੇ 'ਚ ਜ਼ਿਲ੍ਹਾ ਪ੍ਰਧਾਨ ਤੇ ਸਾਬਕਾ ਵਿਧਾਇਕ ਜੁਗਿੰਦਰ ਸਿੰਘ ਜਿੰਦੂ ਦੀ ਅਗਵਾਈ ਹੇਠ 'ਪੰਜਾਬ ਬਚਾਓ ਰੈਲੀ' ਕੀਤੀ ਗਈ | ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਾਣਾ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਹੋਈ ਵਿਸ਼ਾਲ ਰੈਲੀ ਦੌਰਾਨ ਵੱਡੀ ਗਿਣਤੀ ਵਿਚ ਪਹੁੰਚੇ ਵਰਕਰਾਂ ਅਤੇ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੰਦਿਆਂ ਦੋਸ਼ ਲਗਾਇਆ ਕਿ ਸੂਬੇ ਵਿਚ ਗੈਂਗਸਟਰਵਾਦ ਅਤੇ ਨਸ਼ਾ ਤਸਕਰੀ ਵੱਡੀ ਸਮੱਸਿਆ ਬਣ ਗਈ ਹੈ | ਉਨ੍ਹਾਂ ਐਲਾਨ ਕੀਤਾ ਕਿ ਅਕਾਲੀ ਸਰਕਾਰ ਬਣਨ 'ਤੇ ਗੈਂਗਸਟਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਘੋਸ਼ਿਤ ਕਰਕੇ ਉਨ੍ਹਾਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਗੈਂਗਸਟਰ ਅਤੇ ਨਸ਼ਾ ਤਸਕਰ ਹਨ, ਇਨ੍ਹਾਂ ਨੂੰ ਖ਼ਤਮ ਕਰਨਾ ਸਾਡੀ ਪਹਿਲ ਹੋਵੇਗੀ | ਕਿਸਾਨੀ ਅਤੇ ਪਾਣੀ ਦੇ ਮਸਲੇ 'ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਣੀ ਖ਼ਤਰਨਾਕ ਹੱਦ ਤੱਕ ਹੇਠਾਂ ਚਲਾ ਗਿਆ ਹੈ | ਸਰਕਾਰ ਬਣਨ 'ਤੇ ਪਹਿਲੀ ਕੈਬਨਿਟ 'ਚ ਪਾਣੀਆਂ ਨਾਲ ਜੁੜੇ ਸਮਝੌਤਿਆਂ ਦੀ ਸਮੀਖਿਆ ਕਰਕੇ ਜ਼ਰੂਰੀ ਫ਼ੈਸਲੇ ਕੀਤੇ ਜਾਣਗੇ | ਸੁਖਬੀਰ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਸਵ. ਪ੍ਰਕਾਸ਼ ਸਿੰਘ ਬਾਦਲ ਨੇ 22 ਸਾਲ ਮੁੱਖ ਮੰਤਰੀ ਵਜੋਂ ਸੇਵਾ ਕੀਤੀ ਤੇ ਹਮੇਸ਼ਾ ਲੋਕ ਭਲਾਈ ਨੂੰ ਤਰਜੀਹ ਦਿੱਤੀ | ਪੰਜਾਬ ਦੇ ਮੌਜੂਦਾ ਹਾਲਾਤਾਂ 'ਤੇ ਨਿਸ਼ਾਨਾ ਸਾਧਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਦਸ ਸਾਲਾਂ 'ਚ ਨਾ ਸੜਕਾਂ ਬਣੀਆਂ, ਨਾ ਹੀ ਸਿਹਤ ਸਹੂਲਤਾਂ 'ਚ ਸੁਧਾਰ ਆਇਆ | ਸਮਾਜਿਕ ਭਲਾਈ ਯੋਜਨਾਵਾਂ ਸੰਬੰਧੀ ਉਨ੍ਹਾਂ ਐਲਾਨ ਕੀਤਾ ਕਿ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਲਈ ਇਕ ਲੱਖ ਰੁਪਏ ਦੀ ਮਾਲੀ ਮਦਦ ਦਿੱਤੀ ਜਾਵੇਗੀ, ਬੁਢਾਪਾ ਪੈਨਸ਼ਨ ਵਧਾ ਕੇ 3100 ਰੁਪਏ ਕੀਤੀ ਜਾਵੇਗੀ ਅਤੇ ਨੌਜਵਾਨਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਬਿਨਾਂ ਵਿਆਜ ਕਰਜ਼ਾ ਮੁਹੱਈਆ ਕਰਵਾਇਆ ਜਾਵੇਗਾ | ਸਰਹੱਦੀ ਇਲਾਕਿਆਂ ਵਿਚ ਵਪਾਰ ਵਧਾਉਣ ਲਈ ਬਾਰਡਰ ਖੋਲ੍ਹਣ ਤੇ ਨਵੀਆਂ ਉਦਯੋਗਿਕ ਇਕਾਈਆਂ ਲਿਆਂਦੀਆਂ ਜਾਣ ਦੀ ਗੱਲ ਵੀ ਉਨ੍ਹਾਂ ਕੀਤੀ | ਅੰਤ ਵਿਚ ਉਨ੍ਹਾਂ ਕਿਹਾ ਕਿ ਹੁਣ ਫ਼ੈਸਲੇ ਦੀ ਘੜੀ ਆ ਗਈ ਹੈ, ਜੇ ਪੰਜਾਬ ਨੂੰ ਤਬਾਹੀ ਤੋਂ ਬਚਾਉਣਾ ਹੈ ਤਾਂ ਅਕਾਲੀ ਦਲ ਨੂੰ ਦੁਬਾਰਾ ਸੱਤਾ 'ਚ ਲਿਆਉਣਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਕਾਸ ਦਾ ਹੜ੍ਹ ਲਿਆਉਣ ਲਈ ਲੋਕ ਅਕਾਲੀ ਦਲ ਦਾ ਸਾਥ ਦੇਣ | ਇਸ ਤੋਂ ਪਹਿਲਾਂ ਅਕਾਲੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਦਾ ਯੂਥ ਅਕਾਲੀ ਦਲ ਅਤੇ ਸੋਈ ਦੇ ਵੱਡੀ ਗਿਣਤੀ 'ਚ ਆਗੂਆਂ ਤੇ ਵਰਕਰਾਂ ਵਲੋਂ ਭਰਵਾਂ ਸਵਾਗਤ ਕੀਤਾ | ਇਸ ਮੌਕੇ ਜੁਗਿੰਦਰ ਸਿੰਘ ਜਿੰਦੂ ਸਾਬਕਾ ਵਿਧਾਇਕ ਤੋਂ ਇਲਾਵਾ ਸਾਬਕਾ ਮੁੱਖ ਸੰਸਦੀ ਸਕੱਤਰ ਸੁਖਪਾਲ ਸਿੰਘ ਨੰਨੂ, ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਹਰਪ੍ਰੀਤ ਸਿੰਘ ਹੀਰੋ ਹਲਕਾ ਇੰਚਾਰਜ ਜ਼ੀਰਾ, ਦਰਸ਼ਨ ਸਿੰਘ ਸ਼ੇਰ ਖਾਂ, ਸਤਪਾਲ ਸਿੰਘ ਤਲਵੰਡੀ ਅਤੇ ਬਲਵਿੰਦਰ ਸਿੰਘ ਭੰਬਾ ਲੰਡਾ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵਰਦੇਵ ਸਿੰਘ ਬੌਬੀ ਮਾਨ, ਭੁਪਿੰਦਰ ਸਿੰਘ ਫਰੀਦੇਵਾਲਾ, ਬਲਦੇਵ ਸਿੰਘ ਚੰਦੜ, ਬੂਟਾ ਸਿੰਘ ਭੁੱਲਰ, ਭਗਵਾਨ ਸਿੰਘ ਨੂਰਪੁਰ ਸੇਠਾਂ, ਜੋਗਾ ਸਿੰਘ ਮੁਰਕਵਾਲਾ, ਭੁਪਿੰਦਰ ਸਿੰਘ ਬਰਾੜ ਮੁਦਕੀ, ਰੋਹਿਤ ਵੋਹਰਾ, ਜੱਜਬੀਰ ਸਿੰਘ ਸਿੱਧੂ, ਕਸ਼ਮੀਰ ਕੌਰ, ਉਪਕਾਰ ਸਿੰਘ ਸਿੱਧੂ, ਦਿਲਬਾਗ ਸਿੰਘ ਵਿਰਕ, ਰਣਜੀਤ ਸਿੰਘ ਸੰਧੂ, ਗੁਰਨਾਮ ਸਿੰਘ ਸੈਦਾ ਰੁਹੇਲਾ, ਵਰਿੰਦਰ ਸਿੰਘ ਜੋਸਨ, ਮਨਬੀਰ ਸਿੰਘ ਮਰੋਕ, ਬਲਵਿੰਦਰ ਸਿੰਘ ਬਿੰਦਾ, ਗੁਰਮੇਜ ਸਿੰਘ ਜੱਟਾਂ ਵਾਲੀ, ਹਰਪ੍ਰੀਤ ਸਿੰਘ ਲਾਟੀਆ, ਸੁਰਿੰਦਰ ਸਿੰਘ ਬੱਬੂ, ਮੋਹਨਜੀਤ ਵਿਚ ਚੰਗਾਲੀ, ਨਿਰਮਲ ਸਿੰਘ ਨਿੰਮਾ, ਰੇਸ਼ਮ ਸਿੰਘ ਭੁੱਲਰ, ਬਲਟੇਕ ਸਿੰਘ ਮੱਲ੍ਹੀ, ਬਲਵਿੰਦਰ ਸਿੰਘ ਰੁਕਣਸਾਹ, ਹਰਪ੍ਰੀਤ ਸਿੰਘ ਸ਼ੇਰ ਖਾਂ, ਰੁਪਿੰਦਰ ਸਿੰਘ ਮੋਨੂੰ, ਰਾਜ ਸਿੰਘ ਡਿੱਬੀਪੁਰਾ, ਦਵਿੰਦਰ ਸਿੰਘ ਕਲਸੀ, ਬਲਵਿੰਦਰ ਸਿੰਘ ਪੱਪੂ, ਜੁਗਰਾਜ ਸਿੰਘ ਸੰਧੂ, ਕਾਕਾ ਜਗਦੀਪ ਸਿੰਘ, ਲਵਪ੍ਰੀਤ ਸਿੰਘ ਫ਼ਿਰੋਜ਼ਸ਼ਾਹ ਆਦਿ ਮੌਜੂਦ ਸਨ |