ਕੁੱਲਗੜ੍ਹੀ, 24 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਸ਼੍ਰੋਮਣੀ ਅਕਾਲੀ ਦਲ ਅਨਾਜ ਮੰਡੀ ਫ਼ਿਰੋਜ਼ਪੁਰ ਛਾਉਣੀ ਵਿਖੇ ਇਕ ਵੱਡੀ ਰੈਲੀ ਦਾ ਆਯੋਜਨ ਕੀਤਾ | ਇਸ ਠਾਠਾਂ ਮਾਰਦੇ ਵੱਡੇ ਇਕੱਠ ਜੇਬ ਕਤਰਿਆਂ ਨੇ ਕਈ ਲੋਕਾਂ ਦੀਆਂ ਜੇਬਾਂ ਕੱਟ ਲਈਆਂ | ਜੇਬ ਕਤਰੇ ਨੇ ਫ਼ਿਰੋਜ਼ਸ਼ਾਹ ਤੋਂ ਅਕਾਲੀ ਦਲ ਦੇ ਵਰਕਰ ਗੁਰਪਾਲ ਸਿੰਘ ਦੀ ਜੇਬ 'ਚੋਂ ਪੈਸੇ ਤੇ ਹੋਰ ਜ਼ਰੂਰੀ ਕਾਗ਼ਜ਼ਾਤ ਕੱਢ ਕੇ ਲੈ ਗਏ | ਰੈਲੀ 'ਚ ਸ਼ਾਮਿਲ ਹੋਰ ਵੀ ਕਈ ਲੋਕਾਂ ਦੀਆਂ ਜੇਬਾਂ ਕੱਟੀਆਂ ਗਈਆਂ ਤੇ ਮੋਬਾਈਲ ਵੀ ਚੋਰੀ ਹੋਏ | ਵਰਨਣਯੋਗ ਹੈ ਰੈਲੀ ਦੇ ਪ੍ਰਬੰਧਕਾਂ ਵਲੋਂ ਸਟੇਜ ਤੋਂ ਵਾਰ-ਵਾਰ ਲੋਕਾਂ ਨੂੰ ਸੂਚਿਤ ਕੀਤਾ ਜਾਂਦਾ ਰਿਹਾ ਕਿ ਜੇਬ ਕਤਰਿਆਂ ਤੋਂ ਸੁਚੇਤ ਰਹੋ ਤੇ ਪੁਲਿਸ ਨੂੰ ਵੀ ਅਪੀਲ ਕੀਤੀ ਜਾਂਦੀ ਰਹੀ ਕਿ ਸ਼ੱਕੀ ਲੋਕਾਂ ਤੇ ਪੂਰੀ ਨਿਗਰਾਨੀ ਰੱਖੀ ਜਾਵੇ | ਇਸ ਦੇ ਬਾਵਜੂਦ ਵੀ ਜੇਬ ਕਤਰੇ ਆਪਣੇ ਕੰਮ ਨੂੰ ਅੰਜਾਮ ਦੇ ਗਏ ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਕੁੱਝ ਜੇਬ ਕਤਰਿਆਂ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ ਹੈ, ਜਿਨ੍ਹਾਂ 'ਤੇ ਪੁਲਿਸ ਵਲੋਂ ਕਾਰਵਾਈ ਕੀਤੀ ਜਾ ਰਹੀ ਹੈ |