ਫ਼ਿਰੋਜ਼ਪੁਰ, 24 ਫਰਵਰੀ (ਸੁਖਵਿੰਦਰ ਸਿੰਘ)-ਕਾਂਗਰਸ ਦੇ ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸਿਵਲ ਹਸਪਤਾਲ ਫ਼ਿਰੋਜ਼ਪੁਰ ਦਾ ਦੌਰਾ ਕੀਤਾ | ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਰਿੰਕੂ ਗਰੋਵਰ ਤੇ ਸ਼ਹਿਰ ਦੇ ਕੌਂਸਲਰ ਵੀ ਮੌਜੂਦ ਸਨ | ਦੌਰੇ ਦੌਰਾਨ ਉਨ੍ਹਾਂ ਨੇ ਐਮਰਜੈਂਸੀ ਵਾਰਡ, ਜਨਰਲ ਵਾਰਡ, ਟੀ. ਬੀ. ਵਾਰਡ ਤੇ ਜੱਚਾ-ਬੱਚਾ ਵਾਰਡ ਵਿਚ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਸਹੂਲਤਾਂ ਬਾਰੇ ਐਸ. ਐਮ. ਓ. ਡਾ. ਨਿਖਿਲ ਗੁਪਤਾ, ਡਾ. ਜਤਿੰਦਰ ਕੋਛੜ ਤੇ ਇਸਸਤੀ ਰੋਗ ਮਾਹਿਰ ਡਾ. ਰਿਚਾ ਧਵਨ ਨਾਲ ਗੱਲਬਾਤ ਕੀਤੀ | ਇਸ ਮੌਕੇ ਪੰਜ ਨਵਜੰਮੀ ਧੀਆਂ ਤੇ ਚਾਰ ਨਵਜੰਮੇ ਪੁੱਤਰਾਂ ਦੀਆਂ ਮਾਵਾਂ ਨੂੰ ਪੌਸ਼ਟਿਕ ਖ਼ੁਰਾਕ ਲਈ ਸਾਬਕਾ ਵਿਧਾਇਕ ਵਲੋਂ ਪੰਜ-ਪੰਜ ਸੌ ਰੁਪਏ ਦੀ ਰਕਮ ਵੀ ਵੰਡ ਕੀਤੀ ਗਈ | ਇਸ ਮਨੁੱਖਤਾ ਭਰੇ ਕਦਮ ਨਾਲ ਮਾਵਾਂ ਭਾਵੁਕ ਹੋ ਗਈਆਂ ਤੇ ਉਨ੍ਹਾਂ ਦਾ ਧੰਨਵਾਦ ਕੀਤਾ | ਸਾਬਕਾ ਵਿਧਾਇਕ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਸਿਰਫ਼ ਕਾਗ਼ਜ਼ਾਂ ਤੱਕ ਹੀ ਸੀਮਤ ਹਨ, ਜਦਕਿ ਹਕੀਕਤ 'ਚ ਸਿਵਲ ਹਸਪਤਾਲ ਦੀ ਹਾਲਤ ਬੇਹੱਦ ਖ਼ਰਾਬ ਹੈ | ਉਨ੍ਹਾਂ ਨੇ ਦੱਸਿਆ ਕਿ ਹਰ ਪਾਸੇ ਗੰਦਗੀ, ਸੀਵਰੇਜ ਜਾਮ, ਪੀਣ ਵਾਲੇ ਪਾਣੀ ਦੀ ਕਮੀ ਤੇ ਜੱਚਾ-ਬੱਚਾ ਵਾਰਡ ਵਿਚ ਇਕ ਬੈੱਡ 'ਤੇ ਦੋ-ਦੋ ਮਰੀਜ਼ਾਂ ਦਾ ਇਲਾਜ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਐਨ. ਆਰ. ਐੱਚ. ਐਮ. ਤਹਿਤ ਜੱਚਾ-ਬੱਚਾ ਵਾਰਡ ਲਈ 12.50 ਕਰੋੜ ਰੁਪਏ ਦੀ ਗਰਾਂਟ ਲਿਆਈ ਗਈ ਸੀ ਪਰ ਅਜੇ ਤੱਕ ਆਧੁਨਿਕ ਸੁਵਿਧਾਵਾਂ ਨਾਲ ਲੈਸ ਨਵਾਂ ਵਾਰਡ ਤਿਆਰ ਨਹੀਂ ਹੋ ਸਕਿਆ | ਉਨ੍ਹਾਂ ਕਿਹਾ ਕਿ ਦਸ ਲੱਖ ਰੁਪਏ ਵਾਲਾ ਹੈਲਥ ਕਾਰਡ ਵੀ ਸਿਰਫ਼ ਕਾਗ਼ਜ਼ਾਂ 'ਚ ਹੀ ਹੈ | ਲੋਕਾਂ ਨੂੰ ਇਸ ਦਾ ਅਸਲ ਲਾਭ ਨਹੀਂ ਮਿਲ ਰਿਹਾ | ਇਸ ਮੌਕੇ ਐਡਵੋਕੇਟ ਰਜਨੀਸ਼ ਸੋਢੀ, ਪਾਰਸ਼ਦ ਰਿਸ਼ੀ ਸ਼ਰਮਾ, ਕਾਂਗਰਸ ਯੂਥ ਜ਼ਿਲ੍ਹਾ ਪ੍ਰਧਾਨ ਯਾਕੂਬ ਭੱਟੀ, ਵਿਜੈ ਗੋਰੀਆ, ਸਰਵਨ ਸਿੰਘ ਨੰਬਰਦਾਰ, ਰਾਜੂ ਚਿੰਗਿਆੜਾ ਅਤੇ ਕਿਸਾਨ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਗੁਰਨੈਬ ਸਿੰਘ ਸਮੇਤ ਕਈ ਕਾਂਗਰਸੀ ਵਰਕਰ ਹਾਜ਼ਰ ਸਨ | ਦੌਰੇ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ 'ਤੇ ਸਵਾਲ ਖੜ੍ਹੇ ਹੋ ਗਏ ਹਨ ਤੇ ਲੋਕਾਂ 'ਚ ਚਰਚਾ ਹੈ ਕਿ ਸਰਕਾਰ ਹਸਪਤਾਲ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਕਰੇਗੀ ਜਾਂ ਨਹੀਂ |