ਮੱਲਾਂਵਾਲਾ, 25 ਫਰਵਰੀ (ਬਲਬੀਰ ਸਿੰਘ ਜੋਸਨ)-ਵਿਧਾਇਕ ਫ਼ਿਰੋਜ਼ਪੁਰ ਸ਼ਹਿਰੀ ਰਣਬੀਰ ਸਿੰਘ ਭੁੱਲਰ ਵਲੋਂ ਹਲਕੇ ਦੇ ਵੱਖ-ਵੱਖ ਪਿੰਡਾਂ ਵਿਚ ਕਰੀਬ 58.40 ਲੱਖ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖ ਕੇ ਇਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ | ਵਿਧਾਇਕ ਰਣਬੀਰ ਸਿੰਘ ਭੁੱਲਰ ਵਲੋਂ ਗਰਾਮ ਪੰਚਾਇਤ ਵਾਕਾ ਮੋੜ ਗਰਾਮ ਪੰਚਾਇਤ ਨਿਜ਼ਾਮ ਵਾਲਾ, ਗਰਾਮ ਪੰਚਾਇਤ ਸਾਂਦਾ ਮੌਜਾ, ਸੁਲਤਾਨ ਵਾਲਾ, ਟੱਲੀ ਸੈਦਾ ਸਾਹੂ, ਗਰਾਮ ਪੰਚਾਇਤ ਮਸਤੇ ਕੇ, ਗਰਾਮ ਪੰਚਾਇਤ ਲੱਧੂ ਵਾਲਾ, ਬਸਤੀ ਅੰਮਿ੍ਤਸਰੀਆਂ ਵਿਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ ਗਏ | ਇਹਨਾਂ ਵਿਕਾਸ ਕਾਰਜਾਂ ਵਿਚ ਇੰਟਰਲਾਕ ਟਾਈਲਾਂ ਲਗਾਉਣਾ, ਸੌਲਿਡ ਵੇਸਟ ਪ੍ਰੋਜੈਕਟ ਦੀ ਸਥਾਪਨਾ, ਪੰਚਾਇਤ ਘਰਾਂ ਦੀ ਚਾਰਦੀਵਾਰੀ, ਪੀਣ ਵਾਲਾ ਪਾਣੀ, ਨਾਲਿਆਂ ਦੀ ਉਸਾਰੀ, ਧਰਮਸ਼ਾਲਾ ਅਤੇ ਸ਼ਮਸ਼ਾਨਘਾਟ ਦੀ ਉਸਾਰੀ, ਛੱਪੜਾਂ ਦੀ ਸਫ਼ਾਈ ਅਤੇ ਗਲੀਆਂ-ਨਾਲੀਆਂ ਦੀ ਮੁਰੰਮਤ ਵਰਗੇ ਮਹੱਤਵਪੂਰਨ ਕੰਮ ਸ਼ਾਮਲ ਹਨ | ਇਨ੍ਹਾਂ ਕਾਰਜਾਂ 'ਤੇ ਲੱਖਾਂ ਰੁਪਏ ਦੀ ਲਾਗਤ ਆਏਗੀ ਅਤੇ ਮੁਕੰਮਲ ਹੋਣ ਉਪਰੰਤ ਪਿੰਡ ਵਾਸੀਆਂ ਨੂੰ ਵੱਡੀ ਸਹੂਲਤ ਪ੍ਰਾਪਤ ਹੋਵੇਗੀ | ਵਿਧਾਇਕ ਭੁੱਲਰ ਨੇ ਕਿਹਾ ਕਿ ਹਲਕੇ ਦੇ ਹਰ ਪਿੰਡ ਵਿਚ ਸਮਾਨ ਵਿਕਾਸ ਕਰਨਾ ਉਨ੍ਹਾਂ ਦੀ ਵਚਨਬੱਧਤਾ ਹੈ ਅਤੇ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰੱਖਦਿਆਂ ਆਉਣ ਵਾਲੇ ਸਮੇਂ ਵਿਚ ਹੋਰ ਵੀ ਵਿਕਾਸੀ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਇਸ ਮੌਕੇ ਪਿੰਡਾਂ ਦੇ ਸਰਪੰਚ, ਪੰਚਾਇਤ ਮੈਂਬਰ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਸਨ |