ਜ਼ੀਰਾ, 25 ਫਰਵਰੀ (ਪ੍ਰਤਾਪ ਸਿੰਘ ਹੀਰਾ)-ਸਿੱਖਿਆ ਵਿਭਾਗ ਵਿਚ 20-20 ਸਾਲਾਂ ਤੋਂ ਕੰਮ ਕਰਦੇ ਸਮਗਰਾ ਸਿੱਖਿਆ ਅਭਿਆਨ ਦੇ ਦਫ਼ਤਰੀ ਕਰਮਚਾਰੀਆਂ ਦੀ 50000-50000 ਤਨਖ਼ਾਹ ਨੂੰ ਘਟਾ ਕੇ 19000 'ਤੇ ਪੱਕੇ ਕਰਨ ਦਾ ਮੋਹਾਲੀ ਸਿੱਖਿਆ ਬੋਰਡ ਦੇ ਦਫ਼ਤਰ ਅੱਗੇ ਵਿਰੋਧ ਕਰਦੇ ਕਰਮਚਾਰੀਆਂ ਉੱਪਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲਾਠੀਚਾਰਜ ਕੀਤੇ ਜਾਣ ਦੀ ਡੀ.ਟੀ.ਐਫ ਵਲੋਂ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ ਹੈ | ਜ਼ੀਰਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧਿਆਪਕਾਂ ਦੀ ਨੁਮਾਇੰਦਾ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਬਲਰਾਮ ਸ਼ਰਮਾ ਅਤੇ ਜ਼ਿਲ੍ਹਾ ਸਕੱਤਰ ਗਗਨਦੀਪ ਬਰਾੜ ਦੱਸਿਆ ਕਿ ਆਪਣਾ ਹੱਕ ਮੰਗਦੇ ਕਰਮਚਾਰੀਆਂ 'ਤੇ ਪੰਜਾਬ ਪੁਲਿਸ ਵਲੋਂ ਵਾਟਰ ਕੈਨਨ ਨਾਲ ਗੰਦੇ ਪਾਣੀ ਦੀਆਂ ਬੁਛਾੜਾ ਮਾਰੀਆਂ ਹਨ | ਉਨ੍ਹਾਂ ਕਿਹਾ ਕਿ 20 ਸਾਲ ਦੀ ਨੌਕਰੀ ਕਰਨ ਤੋਂ ਬਾਅਦ ਵੀ ਇਹਨਾਂ ਉੱਪਰ 3 ਸਾਲ ਦਾ ਪਰਖ ਕਾਲ ਪੂਰਾ ਕਰਨ ਦੀ ਜਿਹੜੀ ਸਰਕਾਰ ਵਲੋਂ ਸ਼ਰਤ ਮੁੜ ਦਿੱਤੀ ਹੈ | ਉਹ ਮੁਲਾਜ਼ਮਾਂ ਨਾਲ ਸਰਾਸਰ ਧੱਕਾ ਹੈ ਬੀ.ਪੀ.ਈ.ਓ. ਦਫ਼ਤਰਾਂ ਅਤੇ ਡੀ.ਈ.ਓ. ਦਫ਼ਤਰਾਂ ਵਿਚ ਕੰਮ ਕਰਦੇ ਇਹ ਮੁਲਾਜ਼ਮ ਅਧਿਆਪਕਾਂ ਅਤੇ ਸਿੱਖਿਆ ਵਿਭਾਗ ਵਿਚ ਇਕ ਕੜੀ ਵਜੋਂ ਕੰਮ ਕਰਦੇ ਹਨ ਅਤੇ ਨਿੱਤ ਦਿਨ ਸਕੂਲਾਂ ਦੇ ਗਰਾਂਟਾਂ, ਮਿਡ.ਡੇ ਮੀਲ ਅਤੇ ਹੋਰ ਅੰਕੜੇ ਇਕੱਠੇ ਕਰਕੇ ਵਿਭਾਗ ਨੂੰ ਭੇਜਦੇ ਹਨ | ਇਹਨਾਂ ਕਰਮਚਾਰੀਆਂ ਨੂੰ ਪੱਕੇ ਕਰਨ ਦੇ ਨਾ 'ਤੇ ਇਹਨਾਂ ਦੀ ਤਨਖ਼ਾਹ ਘਟਾਉਣ ਦੀ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੀ ਹੈ | ਜ਼ਿਲ੍ਹਾ ਆਗੂਆਂ ਨੇ ਮੰਗ ਕੀਤੀ ਕਿ 15-01-2015 ਦਾ ਮੁਲਾਜ਼ਮ ਮਾਰੂ ਪੱਤਰ ਪਿਛਲੇ ਦਸ ਸਾਲ ਤੋਂ ਨਵੇਂ ਭਰਤੀ ਹੋਣ ਵਾਲੇ ਠੇਕੇ ਤੋਂ ਪੱਕੇ ਹੋਣ ਵਾਲੇ ਮੁਲਾਜ਼ਮਾਂ ਦਾ ਸ਼ੋਸ਼ਣ ਕਰ ਰਿਹਾ ਹੈ | ਸਿਤਮ ਜ਼ਰੀਫੀ ਇਹ ਹੈ ਕਿ ਹਾਈਕੋਰਟ ਅਤੇ ਸੁਪਰੀਮ ਕੋਰਟ ਨੇ ਵੀ ਪ੍ਰੋਬੇਸ਼ਨ ਪੀਰੀਅਡ ਦੌਰਾਨ ਮੁਲਾਜ਼ਮਾਂ ਨੂੰ ਪੂਰੀ ਤਨਖ਼ਾਹ ਦੇਣ ਦਾ ਫ਼ੈਸਲਾ ਦਿੱਤਾ ਹੋਇਆ ਹੈ | ਹਾਸੋਹੀਣੀ ਗੱਲ ਇਹ ਹੈ ਕਿ ਗੱਲ-ਗੱਲ 'ਤੇ ਬਾਦਲ ਸਰਕਾਰ ਨੂੰ ਕੋਸਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਬਾਦਲ ਸਰਕਾਰ ਦੇ ਫ਼ੈਸਲਿਆਂ ਨੂੰ ਸੁਪਰੀਮ ਕੋਰਟ 'ਚ ਡਿਫੈਂਸ ਕਰ ਰਹੀ ਹੈ | ਇਸ ਮੌਕੇ ਮੀਤ ਪ੍ਰਧਾਨ ਉਡੀਕ ਚਾਵਲਾ, ਵਿੱਤ ਸਕੱਤਰ ਗੁਰਮੀਤ ਤੂੰਬੜਭੰਨ, ਪੈੱ੍ਰਸ ਸਕੱਤਰ ਅਜੈ ਪਵਾਰ ਅਤੇ ਜਥੇਬੰਦਕ ਸਕੱਤਰ ਗੁਰਦੇਵ ਸਿੰਘ ਭਾਗੋਕੇ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕਰਮਚਾਰੀਆਂ ਨੂੰ ਪੁਰਾਣੇ ਪੰਜਾਬ ਪੇ ਸਕੇਲ ਉੱਪਰ ਰੈਗੂਲਰ ਕੀਤਾ ਜਾਵੇ |