ਫ਼ਿਰੋਜ਼ਪੁਰ, 25 ਫਰਵਰੀ (ਰਾਕੇਸ਼ ਚਾਵਲਾ)-ਸੜਕ ਸੁਰੱਖਿਆ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਰਹਿਣ ਵਾਲੀ ਸੰਸਥਾ 'ਟੀਮ ਮਯੰਕ ਫਾਊਾਡੇਸ਼ਨ' ਦੇ ਨਾਮ ਅੱਜ ਇਕ ਹੋਰ ਵੱਡੀ ਉਪਲੱਬਧੀ ਜੁੜ ਗਈ ਹੈ | ਫਾਊਾਡੇਸ਼ਨ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਅਤੇ ਜਾਗਰੂਕਤਾ ਕਾਰਜਾਂ ਦਾ ਲੋਹਾ ਮੰਨਦਿਆਂ, ਫ਼ਿਰੋਜ਼ਪੁਰ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਵਲੋਂ ਸੰਸਥਾ ਦੇ ਮੈਂਬਰਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ | ਦੱਸਣਯੋਗ ਹੈ ਕਿ ਇਹ ਵਿਸ਼ੇਸ਼ ਸਰਟੀਫਿਕੇਟ ਡੀ.ਜੀ.ਪੀ (ਟਰੈਫ਼ਿਕ), ਪੰਜਾਬ ਵਲੋਂ ਫਾਊਾਡੇਸ਼ਨ ਦੀਆਂ ਸੜਕ ਸੁਰੱਖਿਆ ਸਬੰਧੀ ਨਿਸ਼ਕਾਮ ਸੇਵਾਵਾਂ ਅਤੇ ''ਹਰ ਜ਼ਿੰਦਗੀ ਕੀਮਤੀ ਹੈ'' ਦੇ ਮਿਸ਼ਨ ਨੂੰ ਸਫਲ ਬਣਾਉਣ ਲਈ ਭੇਜੇ ਗਏ ਸਨ | ਸੜਕ ਸੁਰੱਖਿਆ ਜਾਗਰੂਕਤਾ ਵਿਚ ਅਹਿਮ ਯੋਗਦਾਨ ਪਾਉਣ ਲਈ ਫਾਊਾਡੇਸ਼ਨ ਦੇ ਮੈਂਬਰਾਂ ਸੰਦੀਪ ਸਹਿਗਲ, ਵਿਕਾਸ ਗੁੰਬਰ, ਦੀਪਕ ਮਠਪਾਲ, ਅਕਸ਼ ਕੁਮਾਰ, ਗੁਰ ਸਾਹਿਬ ਸਿੰਘ ਅਤੇ ਦੀਪਕ ਸ਼ਰਮਾ ਨੂੰ ਸੜਕ ਸੁਰੱਖਿਆ ਜਾਗਰੂਕਤਾ 'ਚ ਉਨ੍ਹਾਂ ਦੇ ਸਮਰਪਿਤ ਯੋਗਦਾਨ ਲਈ ਪ੍ਰਸੰਸਾ ਪੱਤਰ ਪ੍ਰਾਪਤ ਹੋਏ | ਇਸ ਮੌਕੇ ਫਾਊਾਡੇਸ਼ਨ ਦੇ ਸਕੱਤਰ ਰਾਜੀਵ ਸੇਤੀਆ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਇਹ ਸਨਮਾਨ ਕੇਵਲ ਸਾਡੀ ਸੰਸਥਾ ਦਾ ਨਹੀਂ, ਸਗੋਂ ਹਰ ਉਸ ਵਲੰਟੀਅਰ ਅਤੇ ਜਾਗਰੂਕ ਨਾਗਰਿਕ ਦਾ ਹੈ, ਜੋ ਸੜਕ ਸੁਰੱਖਿਆ ਨੂੰ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦਾ ਹੈ | ਉਨ੍ਹਾਂ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸੰਸਥਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਹਾਦਸਿਆਂ ਨੂੰ ਘਟਾਉਣ ਲਈ ਜ਼ਮੀਨੀ ਪੱਧਰ 'ਤੇ ਕੰਮ ਕਰ ਰਹੀ ਹੈ | ਫਾਊਾਡੇਸ਼ਨ ਦੇ ਮੈਂਬਰ ਦੀਪਕ ਸ਼ਰਮਾ ਨੇ ਪੰਜਾਬ ਪੁਲਿਸ ਦਾ ਧੰਨਵਾਦ ਕਰਦਿਆਂ ਦੁਹਰਾਇਆ ਕਿ ਇਹ ਮਾਨਤਾ ਸਾਨੂੰ ਭਵਿੱਖ ਵਿਚ ਹੋਰ ਵੀ ਉਤਸ਼ਾਹ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ | ਉਨ੍ਹਾਂ ਕਿਹਾ ਕਿ ਫਾਊਾਡੇਸ਼ਨ ਦਾ ਮਿਸ਼ਨ ''ਸੁਰੱਖਿਅਤ ਸੜਕਾਂ, ਸੁਰੱਖਿਅਤ ਭਾਰਤ'' ਜਾਰੀ ਰਹੇਗਾ ਅਤੇ ਉਹ ਵਿੱਦਿਅਕ ਸੰਸਥਾਵਾਂ ਅਤੇ ਸਮਾਜ ਨਾਲ ਮਿਲ ਕੇ ਟਰੈਫ਼ਿਕ ਨਿਯਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਗੇ |