ਫ਼ਿਰੋਜ਼ਪੁਰ, 26 ਫਰਵਰੀ (ਰਾਕੇਸ਼ ਚਾਵਲਾ)-ਸਥਾਨਕ ਬਸਤੀ ਟੈਂਕਾਂ ਵਾਲੀ 'ਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਜੰਮੂ-ਕਸ਼ਮੀਰ ਦੇ ਗਰਮ ਕੱਪੜੇ ਵੇਚਣ ਵਾਲੇ ਵਪਾਰੀਆਂ ਦੀ ਗ਼ੈਰ-ਮੌਜੂਦਗੀ 'ਚ ਚੋਰਾਂ ਨੇ ਹਜ਼ਾਰਾਂ ਰੁਪਏ ਦੀ ਨਕਦੀ ਉਡਾ ਲੈ ਗਏ | ਕੁਪਵਾੜਾ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਖਜੀਰ ਮੁਹੰਮਦ ਲੋਨੇ ਨੇ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਸਾਥੀਆਂ ਨਾਲ ਫ਼ਿਰੋਜ਼ਪੁਰ ਕੈਂਟ ਦੀ ਗਲੀ ਨੰਬਰ 9 ਵਿਚ ਗੁਰਨਾਮ ਸਿੰਘ ਦਾ ਮਕਾਨ ਕਿਰਾਏ 'ਤੇ ਲੈ ਕੇ ਰਹਿੰਦਾ ਹੈ | ਉਹ ਸਾਰੇ ਇਥੇ ਪੰਜਾਬੀ ਸ਼ਾਲ, ਲੋਈਆਂ ਤੇ ਕੋਟੀਆਂ ਵੇਚਣ ਦਾ ਕੰਮ ਕਰਦੇ ਹਨ | ਉਸ ਨੇ ਦੱਸਿਆ ਕਿ 4 ਫਰਵਰੀ ਨੂੰ ਜਦੋਂ ਉਹ ਰੋਜ਼ਾਨਾ ਦੀ ਤਰ੍ਹਾਂ ਕੰਮ 'ਤੇ ਗਏ ਹੋਏ ਸਨ, ਤਾਂ ਪਿੱਛੋਂ ਚੋਰਾਂ ਨੇ ਕਮਰੇ ਦੇ ਤਾਲੇ ਤੋੜ ਦਿੱਤੇ | ਦੁਪਹਿਰ ਕਰੀਬ 2 ਵਜੇ ਜਦੋਂ ਉਹ ਵਾਪਸ ਆਏ ਤਾਂ ਦੇਖਿਆ ਕਿ ਸਾਰਾ ਸਾਮਾਨ ਖਿਲਰਿਆ ਪਿਆ ਸੀ | ਖਜੀਰ ਮੁਹੰਮਦ ਨੇ ਦੱਸਿਆ ਕਿ ਉਸ ਦੀ ਮਿਹਨਤ ਨਾਲ ਕਮਾਏ 30 ਹਜ਼ਾਰ ਰੁਪਏ ਤੇ ਉਸ ਦੇ ਸਾਥੀਆਂ ਦੀ ਨਕਦੀ ਵੀ ਗ਼ਾਇਬ ਸੀ | ਅਸੀਂ ਦਿਨ ਭਰ ਕੱਪੜੇ ਵੇਚ ਕੇ ਜੋ ਪੈਸੇ ਇਕੱਠੇ ਕੀਤੇ ਸੀ, ਉਹ ਸਭ ਚੋਰੀ ਹੋ ਗਏ ਹਨ | ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਫ਼ਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਬੀ. ਐੱਨ. ਐੱਸ. ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ |