ਫ਼ਿਰੋਜ਼ਪੁਰ, 5 ਮਾਰਚ (ਸੁਖਵਿੰਦਰ ਸਿੰਘ)-ਨਿੱਤ ਦਿਹਾੜੇ ਵਾਪਰ ਰਹੇ ਸੜਕ ਹਾਦਸਿਆਂ ਤੋਂ ਸਰਕਾਰਾਂ ਵਲੋਂ ਕੋਈ ਢੰਗ ਦਾ ਸਬਕ ਨਾ ਸਿੱਖਿਆ ਜਾਣਾ ਚਿੰਤਾਜਨਕ ਹੈ | ਵੱਖ-ਵੱਖ ਸਮਿਆਂ ਦੀਆਂ ਸਰਕਾਰਾਂ ਵਲੋਂ ਕੀਤੇ ਗਏ ਸੜਕ ਚੌੜੀ ਕਰਨ ਦੇ ਵਾਅਦੇ ਅਜੇ ਤੱਕ ਪੂਰੇ ਨਾ ਹੋਣਾ ਹਾਦਸਿਆਂ ਦਾ ਵੱਡਾ ਕਾਰਨ ਬਣ ਰਿਹਾ ਹੈ | ਇਹ ਪ੍ਰਗਟਾਵਾ ਰਿਟਾਇਰਡ ਕੈਪਟਨ ਬਲਬੀਰ ਸਿੰਘ ਵਾਈਸ ਪ੍ਰਧਾਨ ਐਕਸ ਸਰਵਿਸਮੈਨ ਲੀਗ ਵਲੋਂ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਕੀਤਾ ਗਿਆ | ਉਨ੍ਹਾਂ ਰੋਜ਼ਾਨਾ ਜ਼ੀਰਾ-ਫ਼ਿਰੋਜ਼ਪੁਰ ਹਾਈਵੇ 'ਤੇ ਵਾਪਰ ਰਹੇ ਸੜਕੀ ਹਾਦਸਿਆਂ ਵਿਚ ਅਜਾਈਾ ਜਾ ਰਹੀਆਂ ਕੀਮਤੀ ਜਾਨਾਂ 'ਤੇ ਡੂੰਘਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਖ਼ਾਸ ਕਰਕੇ ਜ਼ੀਰਾ-ਫ਼ਿਰੋਜ਼ਪੁਰ ਰੋਡ 'ਤੇ ਦਿਨ-ਰਾਤ ਵਧ ਰਹੀ ਭਾਰੀ ਟਰੈਫ਼ਿਕ ਵੱਲ ਸਰਕਾਰ ਦਾ ਬਿਲਕੁਲ ਵੀ ਧਿਆਨ ਨਹੀਂ ਜਾਪਦਾ | ਉਨ੍ਹਾਂ ਦੱਸਿਆ ਕਿ ਸ੍ਰੀ ਅੰਮਿ੍ਤਸਰ ਸਾਹਿਬ ਤੋਂ ਗੰਗਾਨਗਰ ਤੱਕ ਇਹ ਹਾਈਵੇ ਸਿਰਫ਼ ਨਾਂ ਮਾਤਰ ਹੀ ਹੈ, ਜਦਕਿ ਜ਼ੀਰਾ ਤੋਂ ਅੱਗੇ ਸੜਕ ਅਜੇ ਵੀ ਸਿੰਗਲ ਹੈ | ਭਾਰੀ ਵਾਹਨਾਂ ਦੀ ਵਧਦੀ ਆਵਾਜਾਈ ਅਤੇ ਸੜਕ ਦੀ ਘੱਟ ਚੌੜਾਈ ਕਾਰਨ ਅਕਸਰ ਭਿਆਨਕ ਹਾਦਸੇ ਵਾਪਰ ਰਹੇ ਹਨ | ਕੈਪਟਨ ਬਲਬੀਰ ਸਿੰਘ ਨੇ ਕਿਹਾ ਕਿ ਜਿਵੇਂ ਕੇਂਦਰ ਅਤੇ ਰਾਜ ਸਰਕਾਰਾਂ ਵਲੋਂ ਕਈ ਹੋਰ ਸੜਕਾਂ ਦਾ ਚਹੰੁ ਮਾਰਗੀ ਕਰਨ ਪਹਿਲ ਦੇ ਆਧਾਰ 'ਤੇ ਕੀਤਾ ਜਾ ਰਿਹਾ ਹੈ, ਉਸੇ ਤਰ੍ਹਾਂ ਫ਼ਿਰੋਜ਼ਪੁਰ-ਜ਼ੀਰਾ ਸੜਕ ਨੂੰ ਵੀ ਤੁਰੰਤ ਚਹੁੰ ਮਾਰਗੀ ਕੀਤਾ ਜਾਵੇ | ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮੂਹ ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਹਾਦਸਿਆਂ ਵਿਚ ਜਾ ਰਹੀਆਂ ਕੀਮਤੀ ਜਾਨਾਂ ਨੂੰ ਬਚਾਉਣ ਲਈ ਇਸ ਸੜਕ ਦਾ ਵਿਸਥਾਰ ਤੁਰੰਤ ਕੀਤਾ ਜਾਵੇ | ਇਲਾਕਾ ਵਾਸੀਆਂ ਦਾ ਮੰਨਣਾ ਹੈ ਕਿ ਜੇਕਰ ਸਮੇਂ ਸਿਰ ਇਸ ਮਾਰਗ ਦਾ ਚੌੜੀ ਕਰਨ ਕਰ ਦਿੱਤਾ ਜਾਵੇ ਤਾਂ ਨਾ ਸਿਰਫ਼ ਹਾਦਸਿਆਂ ਵਿਚ ਕਮੀ ਆਵੇਗੀ, ਸਗੋਂ ਆਵਾਜਾਈ ਵੀ ਸੁਚਾਰੂ ਹੋਵੇਗੀ | ਆਮ ਲੋਕਾਂ ਨੂੰ ਹਰ ਰੋਜ਼ ਦਰਪੇਸ਼ ਮੁਸ਼ਕਲਾਂ ਤੋਂ ਵੀ ਵੱਡੀ ਰਾਹਤ ਮਿਲੇਗੀ |