ਜ਼ੀਰਾ, 6 ਮਾਰਚ (ਪ੍ਰਤਾਪ ਸਿੰਘ ਹੀਰਾ)-ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲਾਂ ਵਿਚ ਹੋ ਰਹੇ ਪੇਪਰਾਂ ਦੌਰਾਨ ਟੀਚਰਾਂ ਦੀ ਸ਼ਹਿ ਤੇ ਨਕਲ ਦਾ ਸ਼ਰੇਆਮ ਬੋਲ ਬਾਲਾ ਚੱਲ ਰਿਹਾ ਹੈ | ਗੁਪਤ ਸੂਚਨਾ ਮਿਲਣ ਤੇ ਪੱਤਰਕਾਰਾਂ ਵਲੋਂ ਜ਼ੀਰਾ ਦੇ ਬਸਤੀ ਮਾਛੀਆਂ ਦੇ ਸਰਕਾਰੀ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਗਿਆ ਕਿ ਅਧਿਆਪਕਾਂ ਵਲੋਂ ਸ਼ਰੇਆਮ ਨਕਲ ਕਰਵਾਈਆਂ ਜਾ ਰਹੀ ਸੀ ਜੋ ਪੱਤਰਕਾਰਾਂ ਦੇ ਜਾਣ ਤੋਂ ਬਾਅਦ ਬੰਦ ਹੋ ਗਈ | ਪੇਪਰਾਂ ਦਾ ਸਮਾਂ 9:30 ਵਜੇ ਤੋਂ 12 ਵਜੇ ਤੱਕ ਦਾ ਸੀ | ਪੱਤਰਕਾਰ ਲਗਾਤਾਰ ਦੋ ਘੰਟੇ ਉਸ ਸਕੂਲ ਵਿਚ ਮੌਜੂਦ ਹੋਣ ਕਰਕੇ ਅਧਿਆਪਕਾਂ ਵਲੋਂ ਨਕਲ ਨਾ ਕਰਵਾਈ ਜਾ ਸਕੀ ਜਿਸ ਦੇ ਚੱਲਦਿਆਂ ਪੇਪਰ ਦੇ ਰਹੇ ਜ਼ਿਆਦਾਤਰ ਬੱਚਿਆਂ ਵਲੋਂ ਉੱਤਰ ਸ਼ੀਟਾਂ 'ਤੇ ਇਕ ਅੱਖਰ ਵੀ ਨਹੀਂ ਲਿਖਿਆ ਗਿਆ | ਜਿਸ ਤੋਂ ਸਾਫ਼ ਨਜ਼ਰ ਆਉਂਦਾ ਹੈ ਕਿ ਬਿਨਾਂ ਨਕਲ ਤੋਂ ਬੱਚੇ ਪੇਪਰ ਕਰਨ ਵਿਚ ਅਸਮਰਥ ਸਨ | ਜਦੋਂ ਕਿ ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਸਿੱਖਿਆ ਪ੍ਰਣਾਲੀ ਨੂੰ ਲੈ ਕੇ ਹੋਰ ਸੂਬਿਆਂ ਵਿਚ ਵੱਡੇ ਪੱਧਰ 'ਤੇ ਪ੍ਰਚਾਰ ਕੀਤਾ ਜਾ ਰਿਹਾ ਸੀ ਜੋ ਬਿਲਕੁਲ ਝੂਠ ਦਾ ਪਲੰਦਾ ਸਾਬਤ ਹੋ ਰਿਹਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਸਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਕਲ ਮਾਰ ਕੇ ਪਾਸ ਹੋਏ ਬੱਚੇ ਅੱਗੇ ਆਉਣ ਵਾਲੀ ਜ਼ਿੰਦਗੀ ਵਿਚ ਸਫਲ ਮਨੁੱਖ ਨਹੀਂ ਬਣ ਸਕਦੇ ਹੁਣ ਸੋਚਣ ਵਾਲੀ ਗੱਲ ਹੈ ਕਿ ਜੇਕਰ ਬੱਚਿਆਂ ਨੂੰ ਨਕਲਾਂ ਮਾਰ ਕੇ ਹੀ ਪਾਸ ਕਰਨ ਲਈ ਸਰਕਾਰ ਨੇ ਹੁਕਮ ਹਨ ਤਾਂ ਹੀ ਲੋਕ ਸਰਕਾਰੀ ਸਕੂਲਾਂ ਨੂੰ ਛੱਡ ਕੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਵਿਚ ਮਹਿੰਗੇ ਖ਼ਰਚੇ ਕਰਕੇ ਬੱਚੇ ਪੜਾਉਣ ਲਈ ਮਜਬੂਰ ਹੋਣਗੇ | ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਕੂਲਾਂ ਵਿਚ ਚੱਲ ਰਹੀ ਪ੍ਰੀਖਿਆ ਦੌਰਾਨ ਕਿਸੇ ਸਿੱਖਿਆ ਅਧਿਕਾਰੀਆਂ ਵਲੋਂ ਕਿਸੇ ਵੀ ਸਕੂਲ ਨੂੰ ਚੈੱਕ ਨਹੀਂ ਕੀਤਾ ਗਿਆ ਤਾਂ ਹੀ ਸ਼ਰੇਆਮ ਸਕੂਲਾਂ ਵਿਚ ਨਕਲ ਸ਼ਰੇਆਮ ਚੱਲ ਰਹੀ ਹੈ | ਜੇਕਰ ਪੰਜਾਬ ਸਰਕਾਰ ਦੀ ਸਿੱਖਿਆ ਪ੍ਰਣਾਲੀ ਦਾ ਹਾਲ ਅਜਿਹਾ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸਾਡੇ ਪੰਜਾਬ ਦੀ ਸਿੱਖਿਆ ਪ੍ਰਣਾਲੀ ਬਿਲਕੁਲ ਤਬਾਹ ਹੋ ਜਾਵੇਗੀ | ਜਦੋਂ ਇਸ ਸਬੰਧੀ ਬੀ.ਪੀ.ਓ ਜ਼ੀਰਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਕੂਲਾਂ ਵਿਚ ਸਾਰਾ ਕੰਮ ਸਹੀ ਚੱਲ ਰਿਹਾ ਹੈ ਅਤੇ ਵਿਭਾਗ ਦੇ ਨਿਯਮਾਂ ਅਨੁਸਾਰ ਸਮੇਂ-ਸਮੇਂ ਤੇ ਚੈਕਿੰਗ ਵੀ ਕੀਤੀ ਜਾਂਦੀ ਹੈ |