ਫ਼ਿਰੋਜ਼ਪੁਰ, 7 ਮਾਰਚ (ਰਾਕੇਸ਼ ਚਾਵਲਾ)- ਫ਼ਿਰੋਜ਼ਪੁਰ ਮੰਡਲ ਦੇ ਰੇਲਵੇ ਸੁਰੱਖਿਆ ਬਲ (ਆਰ.ਪੀ.ਐੱਫ) ਨੇ ਇਸ ਵਿੱਤੀ ਸਾਲ ਦੇ ਅਪ੍ਰੈਲ ਤੋਂ ਫਰਵਰੀ 2026 ਦੌਰਾਨ ਯਾਤਰੀਆਂ ਦਾ ਗੁਆਚਿਆ ਲਗਭਗ 60 ਲੱਖ ਰੁਪਏ ਦਾ ਸਾਮਾਨ ਉਨ੍ਹਾਂ ਦੇ ਮਾਲਕਾਂ ਨੂੰ ਵਾਪਸ ਕਰਵਾਇਆ | ਇਸ ਦੇ ਨਾਲ ਹੀ ਟਰੇਨਾਂ ਵਿਚ ਚੋਰੀ ਕਰਨ ਵਾਲਿਆਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਗਈ | ਆਰ.ਪੀ.ਐੱਫ ਵਲੋਂ ਯਾਤਰੀਆਂ ਦੀ ਸੁਰੱਖਿਆ ਤੇ ਸੰਵੇਦਨਸ਼ੀਲ ਸਹੂਲਤਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਈ ਆਪ੍ਰੇਸ਼ਨ ਚਲਾਏ ਗਏ | ਇਨ੍ਹਾਂ ਆਪ੍ਰੇਸ਼ਨਾਂ ਤਹਿਤ ਆਰ.ਪੀ.ਐੱਫ ਵਲੋਂ ਕੀਤੀਆਂ ਗਈਆਂ ਕਾਰਵਾਈਆਂ ਜਿਵੇਂ ਕਿ ਆਰ.ਪੀ.ਐੱਫ ਵਲੋਂ 'ਆਪ੍ਰੇਸ਼ਨ ਅਮਾਨਤ' ਤਹਿਤ 392 ਮਾਮਲਿਆਂ ਵਿਚ ਗੁਆਚਿਆ ਹੋਇਆ ਸਾਮਾਨ ਲੱਭ ਕੇ ਯਾਤਰੀਆਂ ਨੂੰ ਵਾਪਸ ਕੀਤਾ ਗਿਆ | ਇਸ ਦੀ ਕੁੱਲ ਕੀਮਤ 60,23,405 ਰਹੀ, ਜਿਸ ਵਿਚ ਲੈਪਟਾਪ, ਮੋਬਾਈਲ, ਬੈਗ, ਪਰਸ ਅਤੇ ਹੋਰ ਕੀਮਤੀ ਸਾਮਾਨ ਸ਼ਾਮਲ ਹੈ | ਆਰ.ਪੀ.ਐੱਫ ਨੇ ਲਾਪਤਾ, ਘਰੋਂ ਭੱਜੇ ਹੋਏ ਜਾਂ ਅਗਵਾ ਕੀਤੇ ਗਏ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਲਈ 'ਆਪ੍ਰੇਸ਼ਨ ਨੰਨ੍ਹੇ ਫ਼ਰਿਸ਼ਤੇ' ਚਲਾਇਆ | ਇਸ ਮੁਹਿੰਮ ਤਹਿਤ 157 ਬੱਚਿਆਂ (119 ਲੜਕੇ ਤੇ 38 ਲੜਕੀਆਂ) ਨੂੰ ਸੁਰੱਖਿਅਤ ਉਨ੍ਹਾਂ ਦੇ ਵਾਰਸਾਂ ਦੇ ਹਵਾਲੇ ਕੀਤਾ ਗਿਆ | ਰੇਲ ਯਾਤਰੀਆਂ ਨੂੰ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਆਰ.ਪੀ.ਐੱਫ ਨੇ 285 ਡਰਾਈਵਾਂ ਚਲਾਈਆਂ | ਇਨ੍ਹਾਂ ਰਾਹੀਂ ਯਾਤਰੀਆਂ ਨੂੰ ਸੁਰੱਖਿਅਤ ਯਾਤਰਾ ਕਰਨ, ਰੇਲ ਗੱਡੀਆਂ ਜਾਂ ਸਟੇਸ਼ਨ ਕੰਪਲੈਕਸ ਵਿਚ ਕੋਈ ਲਾਵਾਰਸ ਵਸਤੂ ਜਾਂ ਅਪਰਾਧਿਕ ਗਤੀਵਿਧੀ ਦਿੱਖਣ 'ਤੇ ਰੇਲਵੇ ਨੂੰ ਸੂਚਿਤ ਕਰਨ, ਬਿਨਾਂ ਕਿਸੇ ਕਾਰਨ ਟਰੇਨ ਦੀ ਚੇਨ ਨਾ ਖਿੱਚਣ ਅਤੇ ਨਸ਼ਾਖੋਰੀ ਤੋਂ ਬਚਣ ਸਬੰਧੀ ਜਾਗਰੂਕ ਕੀਤਾ ਗਿਆ | ਮੁਹਿੰਮ ਦੌਰਾਨ ਕਰੀਬ 635 ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜਾਣਕਾਰੀ ਦਿੱਤੀ ਗਈ | ਇਸ ਤਹਿਤ 754 ਅਣਅਧਿਕਾਰਤ ਵਿਅਕਤੀਆਂ ਨੂੰ ਗਿ੍ਫ਼ਤਾਰ ਵੀ ਕੀਤਾ ਗਿਆ | ਇਸ ਅਭਿਆਨ ਤਹਿਤ ਆਰ.ਪੀ.ਐੱਫ. ਨੇ ਰੇਲਵੇ ਸਟੇਸ਼ਨਾਂ 'ਤੇ ਅਣਅਧਿਕਾਰਤ ਫੇਰੀ ਵਾਲਿਆਂ ਅਤੇ ਵਿਕੇ੍ਰਤਾਵਾਂ ਵਿਰੁੱਧ 1423 ਮਾਮਲਿਆਂ ਵਿਚ ਕਾਰਵਾਈ ਕੀਤੀ ਤੇ ਉਨ੍ਹਾਂ ਤੋਂ 1,71,200 ਦਾ ਜੁਰਮਾਨਾ ਵਸੂਲਿਆ |