ਫ਼ਿਰੋਜ਼ਪੁਰ, 7 ਮਾਰਚ (ਗੁਰਿੰਦਰ ਸਿੰਘ)-ਮੁਸਕਰਾਹਟ ਦਾ ਤੋਹਫ਼ਾ ਖ਼ੁਸ਼ੀਆਂ ਦਾ ਕਾਰਵਨ ਪ੍ਰਾਜੈਕਟ ਦੇ ਤਹਿਤ ਡੀ.ਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਨੇ ਸਮਾਜ ਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਤਹਿਤ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਬੈਗ, ਪਾਣੀ ਦੀਆਂ ਬੋਤਲਾਂ, ਕੱਪੜੇ, ਸਟੇਸ਼ਨਰੀ, ਟਿਫ਼ਨ ਅਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਜਾਣਗੀਆਂ | ਇਹ ਮੁਹਿੰਮ ਸਕੂਲ ਦੁਆਰਾ ਭਾਰਤ ਵਿਕਾਸ ਪ੍ਰੀਸ਼ਦ ਕੈਂਟ ਯੂਨਿਟ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਗਈ ਹੈ | ਪਿੰ੍ਰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਇਹ ਪ੍ਰੋਗਰਾਮ ਸਕੂਲ ਦੇ ਮਾਨੇਕਸ਼ਾ ਹਾਲ ਵਿਚ ਕਰਵਾਇਆ ਗਿਆ ਸੀ, ਜਿਸ ਵਿਚ ਭਾਰਤੀ ਪਾਰਟੀ ਆਫ਼ ਇੰਡੀਆ ਦੇ ਮੈਂਬਰਾਂ ਨੇ ਹਿੱਸਾ ਲਿਆ ਅਤੇ ਉਨ੍ਹਾਂ ਨੇ ਸਕੂਲ ਵਲੋਂ ਸ਼ੁਰੂ ਕੀਤੇ ਗਏ ਪ੍ਰਾਜੈਕਟ ਦੀ ਸ਼ਲਾਘਾ ਕੀਤੀ | ਪਿ੍ੰਸੀਪਲ ਵਿਨੈ ਸਿੰਗਲਾ ਨੇ ਦੱਸਿਆ ਕਿ ਡੀ.ਸੀ ਮਾਡਲ ਸਕੂਲ ਇਕ ਵਿੱਦਿਅਕ ਸੰਸਥਾ ਹੋਣ ਦੇ ਨਾਲ-ਨਾਲ ਇਕ ਸਮਾਜਿਕ ਸੰਸਥਾ ਵੀ ਹੈ, ਜੋ ਬੱਚਿਆਂ ਵਿਚ ਖ਼ੁਸ਼ੀਆਂ ਫੈਲਾਉਣ ਦਾ ਵਧੀਆ ਕੰਮ ਕਰ ਰਹੀ ਹੈ | ਪਿ੍ੰਸੀਪਲ ਨੇ ਦੱਸਿਆ ਕਿ ਉਹ ਵਿਦਿਆਰਥੀਆਂ, ਸਟਾਫ਼ ਮੈਂਬਰਾਂ ਅਤੇ ਵੀ.ਵੀ.ਆਈ.ਪੀ ਦੀ ਮਦਦ ਨਾਲ ਵਿਦਿਆਰਥੀਆਂ ਨੂੰ ਸਮਗਰੀ ਵੰਡਣਗੇ | ਉਨ੍ਹਾਂ ਕਿਹਾ ਕਿ ਇਹ ਪ੍ਰਾਜੈਕਟ ਗਰੁੱਪ ਦੇ ਸੀ.ਈ.ਓ ਡਾ. ਅਨੀਰੁੱਧ ਗੁਪਤਾ ਵਲੋਂ ਵਿਦਿਆਰਥੀਆਂ ਨੂੰ ਸਮਾਜਿਕ ਕਾਰਜਾਂ ਨਾਲ ਜੋੜਨ ਲਈ ਸ਼ੁਰੂ ਕੀਤਾ ਗਿਆ ਸੀ, ਜਿਸ ਰਾਹੀਂ ਲੋੜਵੰਦ ਵਿਦਿਆਰਥੀਆਂ ਦੀ ਸਹਾਇਤਾ ਕੀਤੀ ਜਾਵੇਗੀ | ਇਸ ਮੌਕੇ ਵਿਸ਼ਾਲ ਸਿੰਗਲਾ, ਨਰੇਸ਼ ਗੋਇਲ, ਡਿਪਟੀ ਪਿ੍ੰਸੀਪਲ ਮਨੀਸ਼ ਬੰਗਾ, ਜੀ.ਐਮ ਕਰਨਲ ਪਿਯੂਸ਼ ਬੇਰੀ, ਮੁੱਖ ਅਧਿਆਪਕਾ ਰਿਤਿਕਾ ਸੋਨੀ, ਹਿਨਾ ਅਰੋੜਾ ਅਤੇ ਹੋਰ ਹਾਜ਼ਰ ਸਨ |