ਜ਼ੀਰਾ, 7 ਮਾਰਚ (ਹਰਜੀਤ ਸਿੰਘ ਗਿੱਲ)-ਜ਼ੀਰਾ ਦੇ ਕੱਚਾ ਗਾਦੜੀਵਾਲਾ ਰੋਡ 'ਤੇ ਸਥਿਤ ਗਰੀਨ ਸਿਟੀ ਕਾਲੋਨੀ ਵਿਖੇ ਤਿੰਨ ਘਰਾਂ ਵਿਚੋਂ ਚਾਰ ਮੋਬਾਈਲ ਅਤੇ 10 ਹਜ਼ਾਰ ਰੁਪਏ ਦੀ ਨਕਦੀ ਚੋਰੀ ਹੋਣ ਦਾ ਸਮਾਚਾਰ ਹੈ | ਇਸ ਸਬੰਧ ਵਿਚ ਤਿੰਨੇ ਘਰਾਂ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਤ ਨੂੰ ਸੁੱਤੇ ਪਏ ਸਮੇਂ ਇਹ ਚੋਰੀ ਦੀ ਘਟਨਾ ਵਾਪਰੀ ਹੈ | ਪਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਜਦ ਰਾਤ ਨੂੰ ਆਪਣੇ ਘਰ ਵਿਖੇ ਸੁੱਤੇ ਪਏ ਸਨ ਤਾਂ ਜਦ ਜਦ ਸਵੇਰ ਸਮੇਂ ਉੱਠ ਕੇ ਵੇਖਿਆ ਤਾਂ ਉਸ ਦੇ ਲੜਕੇ ਧਰਮਪ੍ਰੀਤ ਸਿੰਘ ਦਾ ਵੀਵੋ 2221 ਨੰਬਰ ਜਿਸ ਦੀ ਕੀਮਤ 13 ਹਜ਼ਾਰ ਰੁਪਏ ਹੈ, ਮੋਬਾਈਲ ਫ਼ੋਨ ਚੋਰੀ ਹੋ ਚੁੱਕਾ ਸੀ | ਇਸੇ ਤਰ੍ਹਾਂ ਧਰਮਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਦੱਸਿਆ ਕਿ ਉਸ ਦਾ ਮੋਬਾਈਲ ਫ਼ੋਨ ਓਪੋ ਥ੍ਰੀ ਸੈਵਨ ਜੋ ਕਿ ਉਸ ਨੇ 16 ਹਜ਼ਾਰ ਰੁਪਏ ਦਾ ਖ਼ਰੀਦਿਆ ਸੀ ਚੋਰੀ ਹੋ ਗਿਆ | ਬਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਨੇ ਕਿਹਾ ਕਿ ਉਸ ਦਾ ਬਟੂਆ ਚੋਰੀ ਹੋ ਗਿਆ ਜਿਸ ਵਿਚ 10 ਹਜ਼ਾਰ ਰੁਪਏ ਦੀ ਨਕਦੀ ਅਤੇ ਨਾਲ ਹੀ ਆਧਾਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ ਸਾਰੇ ਇਸ ਬਟੂਏ ਵਿਚਲੇ ਜ਼ਰੂਰੀ ਕਾਗ਼ਜ਼ਾਤ ਵੀ ਨਕਦੀ ਸਮੇਤ ਚੋਰੀ ਹੋ ਗਏ | ਇਸੇ ਪਰਿਵਾਰ ਵਿਚੋਂ ਵਰਸ਼ਾ ਰਾਣੀ ਦਾ 10 ਹਜ਼ਾਰ ਰੁਪਏ ਦਾ ਵੀਵੋ ਮੋਬਾਈਲ ਫ਼ੋਨ ਚੋਰੀ ਹੋ ਗਿਆ | ਉਕਤ ਵਿਅਕਤੀਆਂ ਨੇ ਦੱਸਿਆ ਕਿ ਚੋਰਾਂ ਵਲੋਂ ਇਨ੍ਹਾਂ ਸਾਰੇ ਘਰਾਂ 'ਚ ਚੋਰੀ ਕਰਨ ਸਮੇਂ ਸਾਰੇ ਮੈਂਬਰਾਂ ਨੂੰ ਕੋਈ ਨਸ਼ੀਲੀ ਦਵਾਈ ਸੁੰਘਾ ਦਿੱਤੀ ਗਈ ਜਿਸ ਕਰਕੇ ਕਿਸੇ ਵੀ ਮੈਂਬਰ ਨੂੰ ਸਵੇਰ ਤੱਕ ਜਾਗ ਨਹੀਂ ਆਈ | ਉਕਤ ਵਿਅਕਤੀਆਂ ਦੱਸਿਆ ਕਿ ਇਸ ਚੋਰੀ ਦੀ ਸ਼ਿਕਾਇਤ ਥਾਣਾ ਸਿਟੀ ਜ਼ੀਰਾ ਵਿਖੇ ਦਰਜ਼ ਕਰਵਾ ਦਿੱਤੀ ਗਈ ਹੈ ਪਰ ਪੁਲਿਸ ਅਜੇ ਤੱਕ ਇਸ ਚੋਰੀ ਦੀ ਘਟਨਾ ਦਾ ਮੌਕਾ ਵੇਖਣ ਨਹੀਂ ਪਹੁੰਚੀ |