ਫ਼ਿਰੋਜ਼ਪੁਰ, 7 ਮਾਰਚ (ਸੁਖਵਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਓ.ਬੀ.ਸੀ ਮੋਰਚਾ ਪੰਜਾਬ ਦੇ ਸਕੱਤਰ ਡਾ. ਅਰਮਿੰਦਰ ਸਿੰਘ ਫਰਮਾਹ ਨਾਲ ਲੁੱਟ ਖੋਹ ਦੀ ਘਟਨਾ ਸਾਹਮਣੇ ਆਈ ਹੈ | ਜਾਣਕਾਰੀ ਮੁਤਾਬਿਕ ਡਾ. ਫਰਮਾਹ ਆਪਣੇ ਮੋਟਰਸਾਈਕਲ 'ਤੇ ਬਾਰਡਰ ਰੋਡ ਤੋਂ ਆ ਰਹੇ ਸਨ ਕਿ ਇਸ ਦੌਰਾਨ ਕੁੱਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਉਨ੍ਹਾਂ ਕੋਲੋਂ ਮੋਬਾਈਲ ਫ਼ੋਨ ਅਤੇ ਪਰਸ ਖੋਹ ਕੇ ਫ਼ਰਾਰ ਹੋ ਗਏ | ਡਾ. ਫਰਮਾਹ ਨੇ ਦੱਸਿਆ ਕਿ ਉਸ ਪਰਸ ਵਿਚ ਕਰੀਬ 4 ਹਜ਼ਾਰ ਰੁਪਏ ਨਗਦ ਰਕਮ ਦੇ ਨਾਲ ਕੁੱਝ ਜ਼ਰੂਰੀ ਕਾਗ਼ਜ਼ਾਤ ਵੀ ਮੌਜੂਦ ਸਨ | ਇਸ ਸਬੰਧੀ ਉਨ੍ਹਾਂ ਵਲੋਂ ਪੁਲਿਸ ਕੋਲ ਚੋਰੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਸਾਂਝ ਕੇਂਦਰ ਵਿਚ ਮੋਬਾਈਲ ਚੋਰੀ ਦੀ ਵੀ ਰਿਪੋਰਟ ਦਰਜ ਕਰਵਾਈ ਗਈ ਹੈ | ਉਨ੍ਹਾਂ ਦਾ ਦੋਸ਼ ਹੈ ਕਿ ਸ਼ਿਕਾਇਤ ਦੇ ਬਾਵਜੂਦ ਪੁਲਿਸ ਵਲੋਂ ਅਜੇ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ | ਡਾ. ਫਰਮਾਹ ਨੇ ਦੱਸਿਆ ਕਿ ਘਟਨਾ ਨੂੰ ਕਾਫ਼ੀ ਸਮਾਂ ਬੀਤ ਚੁੱਕਾ ਹੈ ਪਰ ਚੋਰ ਅਜੇ ਵੀ ਪੁਲਿਸ ਦੀ ਗਿ੍ਫ਼ਤ ਤੋਂ ਬਾਹਰ ਹਨ | ਉਨ੍ਹਾਂ ਨੇ ਮੰਗ ਕੀਤੀ ਕਿ ਪੁਲਿਸ ਜਲਦ ਤੋਂ ਜਲਦ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਨੂੰ ਕਾਬੂ ਕਰੇ ਅਤੇ ਚੋਰੀ ਹੋਇਆ ਸਮਾਨ ਬਰਾਮਦ ਕੀਤਾ ਜਾਵੇ |