ਗੁਰੂਹਰਸਹਾਏ, 7 ਮਾਰਚ (ਹਰਚਰਨ ਸਿੰਘ ਸੰਧੂ)- ਜ਼ਿਲ੍ਹਾ ਐਸੋਸੀਏਸ਼ਨ ਭਾਰਤ ਸਕਾਊਟ ਐਂਡ ਗਾਈਡ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਸਕਾਊਟਿੰਗ ਤੇ ਸਮਾਜ ਸੇਵਾ ਦੇ ਖੇਤਰ ਵਿਚ ਉਤਕਿ੍ਸ਼ਟ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਅਤੇ ਸਕੂਲ ਦੇ ਪਿ੍ੰਸੀਪਲ ਨੂੰ ਸਨਮਾਨਿਤ ਕੀਤਾ ਗਿਆ | ਇਸ ਸਮਾਗਮ ਦੇ ਮੁੱਖ ਮਹਿਮਾਨ ਸ਼੍ਰੀਮਤੀ ਮੁਨੀਲਾ ਅਰੋੜਾ ਜ਼ਿਲ੍ਹਾ ਚੀਫ਼ ਕਮਿਸ਼ਨਰ ਸਕਾਊਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ) ਫ਼ਿਰੋਜ਼ਪੁਰ (ਪੰਜਾਬ), ਸ੍ਰੀਮਤੀ ਸੁਨੀਤਾ ਰਾਣੀ ਜ਼ਿਲ੍ਹਾ ਚੀਫ਼ ਕਮਿਸ਼ਨਰ ਸਕਾਊਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਤੇ ਸੁਖਵਿੰਦਰ ਸਿੰਘ ਜ਼ਿਲ੍ਹਾ ਸਕੱਤਰ ਸਕਾਊਟ ਫ਼ਿਰੋਜ਼ਪੁਰ (ਪੰਜਾਬ) ਨੇ ਪਿ੍ੰਸੀਪਲਜ਼ ਤੇ ਅਧਿਆਪਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਇਸ ਸਮਾਗਮ ਵਿਚ ਉਨ੍ਹਾਂ ਨੂੰ ਸਕਾਟਿੰਗ ਤੇ ਸਮਾਜ ਦੀ ਸੇਵਾ ਕਰਨ ਵਾਲੀਆਂ ਹਸਤੀਆਂ ਨੂੰ ਸਨਮਾਨਿਤ ਕਰਨ ਦਾ ਮੌਕਾ ਮਿਲਿਆ | ਇਸ ਮੌਕੇ ਜੀ.ਟੀ.ਬੀ. ਕੈਂਬਰਿਜ ਵਰਲਡ ਸਕੂਲ ਦੇ ਪਿ੍ੰਸੀਪਲ ਤੇ ਅਧਿਆਪਕਾਂ ਨੂੰ ਉਨ੍ਹਾਂ ਵਲੋਂ ਵਿਦਿਆਰਥੀਆਂ 'ਚ ਸਕਾਊਟਿੰਗ ਦੀ ਭਾਵਨਾ, ਅਨੁਸ਼ਾਸਨ ਅਤੇ ਸਮਾਜ ਸੇਵਾ ਦੇ ਜਜ਼ਬੇ ਨੂੰ ਪ੍ਰੋਤਸਾਹਿਤ ਕਰਨ ਲਈ ਸਨਮਾਨ ਪੱਤਰ ਦੇ ਕੇ ਨਿਵਾਜਿਆ ਗਿਆ | ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਸਕਾਊਟਿੰਗ ਗਤੀਵਿਧੀਆਂ ਵਿਦਿਆਰਥੀਆਂ ਵਿਚ ਨੇਤਿ੍ਤਵ, ਸਹਿਯੋਗ ਅਤੇ ਸਮਾਜ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ | ਸਕੂਲ ਦੇ ਅਧਿਆਪਕਾਂ ਵਲੋਂ ਇਨ੍ਹਾਂ ਗਤੀਵਿਧੀਆਂ ਨੂੰ ਉਤਸ਼ਾਹ ਨਾਲ ਅੱਗੇ ਵਧਾਉਣ ਲਈ ਕੀਤੀ ਜਾ ਰਹੀ ਮਿਹਨਤ ਦੀ ਵੀ ਖ਼ੂਬ ਸਰਾਹਨਾਂ ਕੀਤੀ ਗਈ | ਸਕੂਲ ਪ੍ਰਬੰਧਕ ਕਮੇਟੀ ਵਲੋਂ ਇਸ ਪ੍ਰਾਪਤੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਗਿਆ ਕਿ ਇਹ ਸਨਮਾਨ ਸਕੂਲ ਤੇ ਇਲਾਕੇ ਲਈ ਮਾਣ ਦੀ ਗੱਲ ਹੈ ਤੇ ਭਵਿੱਖ ਵਿਚ ਵੀ ਸਕਾਊਟਿੰਗ ਤੇ ਸਮਾਜ ਸੇਵਾ ਦੀਆਂ ਗਤੀਵਿਧੀਆਂ ਨੂੰ ਹੋਰ ਵਧਾਇਆ ਜਾਵੇਗਾ |