ਜ਼ੀਰਾ, 7 ਮਾਰਚ (ਰਜਨੀਸ਼ ਕਥੂਰੀਆ)-ਸੰਤ ਕਬੀਰ ਕਾਲਜੇ ਜ਼ੀਰਾ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਬੜੇ ਉਤਸ਼ਾਹ ਅਤੇ ਸਨਮਾਨ ਨਾਲ ਮਨਾਇਆ ਗਿਆ | ਇਸ ਮੌਕੇ ਕਾਲਜੇ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਮਹਿਲਾਵਾਂ ਦੀ ਸਮਾਜ ਵਿਚ ਮਹੱਤਵਪੂਰਨ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ | ਇਸ ਮੌਕੇ ਕਾਲਜੇ ਦੇ ਡਾਇਰੈਕਟਰ ਡਾ. ਸੁਖਦੇਵ ਸਿੰਘ ਅਤੇ ਚੇਅਰਮੈਨ ਗੁਰਚਰਨ ਸਿੰਘ ਨੇ ਆਪਣੇ ਸੰਦੇਸ਼ ਵਿਚ ਕਿਹਾ ਕਿ ਮਹਿਲਾਵਾਂ ਸਮਾਜ ਦੀ ਮਜ਼ਬੂਤ ਨੀਂਹ ਹਨ ਅਤੇ ਉਨ੍ਹਾਂ ਦੀ ਸਿੱਖਿਆ ਅਤੇ ਸਸ਼ਕਤੀਕਰਨ ਨਾਲ ਹੀ ਦੇਸ਼ ਦੀ ਤਰੱਕੀ ਸੰਭਵ ਹੈ | ਉਨ੍ਹਾਂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਮਹਿਲਾਵਾਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਹਨ ਅਤੇ ਆਪਣੇ ਹੁਨਰ ਨਾਲ ਸਮਾਜ ਵਿਚ ਨਵੀਆਂ ਮਿਸਾਲਾਂ ਕਾਇਮ ਕਰ ਰਹੀਆਂ ਹਨ | ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਸਿੱਖਿਆ ਹੀ ਉਹ ਸਾਧਨ ਹੈ ਜਿਸ ਨਾਲ ਮਹਿਲਾਵਾਂ ਆਪਣੇ ਸੁਪਨੇ ਸਾਕਾਰ ਕਰ ਸਕਦੀਆਂ ਹਨ | ਇਸ ਮੌਕੇ ਹਰੀ ਦਾਸ ਚੌਹਾਨ ਵਲੋਂ ਮਹਿਲਾ ਸਸ਼ਕਤੀਕਰਨ ਸੰਬੰਧੀ ਕਵਿਤਾ ਪੇਸ਼ ਕੀਤੀ ਗਈ ਜਿਸ ਨੂੰ ਹਾਜ਼ਰੀਨ ਵਲੋਂ ਬਹੁਤ ਸਰਾਹਿਆ ਗਿਆ | ਸਮਾਗਮ ਵਿਚ ਲੈਕਚਰਾਰ ਨਰਿੰਦਰ ਸਿੰਘ ਪ੍ਰਧਾਨ ਐਨ.ਜੀ.ਓ. ਜ਼ੀਰਾ, ਹਰਜੀਤ ਸਿੰਘ ਵਧਵਾ ਰਿਟਾਇਰ ਇੰਸਪੈਕਟਰ, ਅਸ਼ੋਕ ਕੁਮਾਰ ਪਲਤਾ ਪ੍ਰਧਾਨ, ਦਲਜੀਤ ਸਿੰਘ ਬੰਬੇ ਵਾਲੇ, ਸ਼ੁਭਮ ਚੌਹਾਨ, ਵਨੀਤਾ ਝਾਂਜੀ, ਸੁਮਨ, ਮੀਨਾਕਸ਼ੀ ਗੁਪਤਾ, ਰਮਾ ਸ਼ਰਮਾ ਅਤੇ ਰੰਜੂ ਚੋਪੜਾ ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਵੀਰਪਾਲ ਨੇ ਕਿਹਾ ਕਿ ਅੱਜ ਦੀ ਮਹਿਲਾ ਹਰ ਖੇਤਰ ਵਿਚ ਆਪਣੀ ਕਾਬਲੀਅਤ ਦਾ ਲੋਹਾ ਮੰਨਵਾ ਰਹੀ ਹੈ | ਉਨ੍ਹਾਂ ਨੇ ਕਿਹਾ ਕਿ ਸੰਤ ਕਬੀਰ ਕਾਲਜੇ ਜ਼ੀਰਾ ਹਮੇਸ਼ਾ ਲੜਕੀਆਂ ਦੀ ਉੱਚ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ ਅਤੇ ਭਵਿੱਖ ਵਿਚ ਵੀ ਇਸ ਦਿਸ਼ਾ ਵਿਚ ਅਹਿਮ ਕਦਮ ਚੁੱਕਦਾ ਰਹੇਗਾ | ਇਸ ਦੌਰਾਨ ਵਿਦਿਆਰਥੀਆਂ ਵਲੋਂ ਮਹਿਲਾਵਾਂ ਦੇ ਅਧਿਕਾਰਾਂ ਅਤੇ ਸਨਮਾਨ ਸੰਬੰਧੀ ਜਾਗਰੂਕਤਾ ਦਾ ਸੰਦੇਸ਼ ਵੀ ਦਿੱਤਾ ਗਿਆ |