ਫ਼ਿਰੋਜ਼ਪੁਰ, 7 ਮਾਰਚ (ਸੁਖਵਿੰਦਰ ਸਿੰਘ)-ਜਨਗਣਨਾ 2027 ਦੇ ਸਫਲ ਆਯੋਜਨ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਵਿਚ ਪਹਿਲੇ ਫ਼ੇਜ਼ ਤਹਿਤ 6 ਅਤੇ 7 ਮਾਰਚ ਨੂੰ ਦੋ ਦਿਨਾਂ ਵਿਸ਼ੇਸ਼ ਟਰੇਨਿੰਗ ਕਰਵਾਈ ਗਈ | ਇਹ ਟਰੇਨਿੰਗ ਡਾਇਰੈਕਟਰ ਆਫ਼ ਸੈਂਸਸ ਓਪਰੇਸ਼ਨ, ਪੰਜਾਬ, ਚੰਡੀਗੜ੍ਹ ਤੋਂ ਆਏ ਆਰ.ਪੀ. ਸਿੰਘ, ਸੰਯੁਕਤ ਡਾਇਰੈਕਟਰ, ਡਾਇਰੈਕਟੋਰੇਟ ਆਫ਼ ਸੈਂਸਸ ਓਪਰੇਸ਼ਨ, ਪੰਜਾਬ ਅਤੇ ਕਾਰਤਿਕ ਆਰਿਆਂ, ਜ਼ਿਲ੍ਹਾ ਕੋਆਰਡੀਨੇਟਰ ਫ਼ਿਰੋਜ਼ਪੁਰ ਵਲੋਂ ਦਿੱਤੀ ਗਈ | ਇਸ ਟਰੇਨਿੰਗ ਦੌਰਾਨ ਜ਼ਿਲ੍ਹੇ ਨਾਲ ਸਬੰਧਿਤ ਚਾਰਜ ਸੈਂਸਜ਼ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਸ ਨੂੰ ਵਿਸਥਾਰ ਨਾਲ ਸੈਂਸਜ਼-2027 ਸਬੰਧੀ ਵੱਖ-ਵੱਖ ਤਕਨੀਕੀ ਅਤੇ ਪ੍ਰਸ਼ਾਸਕੀ ਪੱਖਾਂ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ | ਇਸ ਟਰੇਨਿੰਗ ਦੌਰਾਨ ਡਿਪਟੀ ਕਮਿਸ਼ਨਰ ਕਮ ਪਿ੍ੰਸੀਪਲ ਸੈਂਸਸ ਅਫ਼ਸਰ, ਦੀਪਸਿਖ਼ਾ ਸ਼ਰਮਾ ਆਈ.ਏ.ਐੱਸ. ਵਲੋਂ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ ਗਈ | ਇਸ ਮੌਕੇ 'ਤੇ ਸੰਯੁਕਤ ਡਾਇਰੈਕਟਰ, ਡਾਇਰੈਕਟੋਰੇਟ ਆਫ਼ ਸੈਂਸਸ ਓਪਰੇਸ਼ਨ, ਪੰਜਾਬ, ਆਰ.ਪੀ. ਸਿੰਘ ਵਲੋਂ ਦੱਸਿਆ ਗਿਆ ਕਿ ਪੰਜਾਬ ਰਾਜ ਵਿਚ ਹਾਊਸ ਲਿਸਟਿੰਗ ਦੀ ਪ੍ਰਕਿਰਿਆ 15 ਮਈ ਤੋਂ 13 ਜੂਨ ਤੱਕ ਕੀਤੀ ਜਾਵੇਗੀ | ਸੈਲਫ਼-ਇਨਯੂਮਰੇਸ਼ਨ ਦੀ ਸੁਵਿਧਾ ਵੀ ਉਪਲਬਧ ਰਹੇਗੀ, ਜਿਸ ਸਬੰਧੀ ਪੋਰਟਲ 30 ਅਪ੍ਰੈਲ ਤੋਂ 13 ਮਈ ਤੱਕ ਪੋਰਟਲ ਖੋਲਿ੍ਹਆ ਜਾਵੇਗਾ, ਜਿਸ ਰਾਹੀਂ ਹਰ ਵਿਅਕਤੀ ਆਪਣੇ ਪਰਿਵਾਰ ਦੀ ਜਾਣਕਾਰੀ ਆਨਲਾਈਨ ਦਰਜ ਕਰ ਸਕੇਗਾ | ਉਨ੍ਹਾਂ ਦੱਸਿਆ ਕਿ ਜਨਗਣਨਾ ਦੀ ਪੂਰੀ ਕਾਰਵਾਈ ਡਿਜੀਟਲ ਮੋਡ ਰਾਹੀਂ ਸੰਪੰਨ ਕਰਵਾਈ ਜਾਵੇਗੀ | ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ-ਕਮ-ਪਿ੍ੰਸੀਪਲ ਸੈਂਸਜ਼ ਅਫ਼ਸਰ ਦੀਪਸਿਖ਼ਾ ਸ਼ਰਮਾ ਵਲੋਂ ਸਾਰੇ ਚਾਰਜ ਸੈਂਸਜ਼ ਅਫ਼ਸਰਾਂ, ਤਹਿਸੀਲਦਾਰਾਂ, ਕਾਰਜ ਸਾਧਕ ਅਫ਼ਸਰਾਂ ਅਤੇ ਟੈਕਨੀਕਲ ਅਸਿਸਟੈਂਟਸ ਨੂੰ ਹਦਾਇਤ ਕੀਤੀ ਗਈ ਕਿ ਜਨਗਣਨਾ 2027 ਦੇ ਕੰਮ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ ਅਤੇ ਸਾਰੀਆਂ ਡਿਊਟੀਆਂ ਪੂਰੀ ਨਿਸ਼ਠਾ, ਜ਼ਿੰਮੇਵਾਰੀ ਅਤੇ ਸਮੇਂ-ਸਿਰ ਨਿਭਾਈਆਂ ਜਾਣ | ਇਸ ਤੋਂ ਇਲਾਵਾ ਮਾਨਯੋਗ ਡਿਪਟੀ ਕਮਿਸ਼ਨਰ ਵਲੋਂ ਆਮ ਪਬਲਿਕ ਨੂੰ ਅਪੀਲ ਕੀਤੀ ਗਈ ਕਿ ਸੈਂਸਜ਼-2027 ਦੇ ਕੰਮ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇ ਅਤੇ ਬਿਨਾਂ ਕਿਸੇ ਸ਼ਨਾਖ਼ਤੀ ਕਾਰਡ ਵਾਲੇ ਵਿਅਕਤੀ ਨੂੰ ਕੋਈ ਵੀ ਸੂਚਨਾ ਮੁਹੱਈਆ ਨਾ ਕਰਵਾਈ ਜਾਵੇ | ਇਸ ਮੌਕੇ ਅਭਿਸ਼ੇਕ ਸ਼ਰਮਾ ਐੱਸ.ਡੀ.ਐਮ ਫ਼ਿਰੋਜ਼ਪੁਰ, ਅਰਵਿੰਦਰ ਪਾਲ ਸਿੰਘ ਐੱਸ ਡੀ ਐਮ ਜ਼ੀਰਾ, ਬੇਅੰਤ ਸਿੰਘ ਐੱਸ.ਡੀ.ਐਮ ਗੁਰੂਹਰਸਹਾਏ, ਗੁਰਿੰਦਰ ਸਿੰਘ ਡਿਪਟੀ.ਈ.ਐੱਸ ਕਮ ਵਧੀਕ ਜ਼ਿਲ੍ਹਾ ਸੈਂਸਜ਼ ਅਫ਼ਸਰ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਕਰਮਚਾਰੀ ਹਾਜ਼ਰ ਸਨ |