ਫਿਰੋਜ਼ਪੁਰ, 9 ਮਾਰਚ (ਦਵਿੰਦਰ ਪਾਲ ਸਿੰਘ)-ਪੰਜਾਬ ਦੇ ਹੱਕਾਂ ਅਤੇ ਸੰਵਿਧਾਨਕ ਮਸਲਿਆਂ ਨੂੰ ਲੈ ਕੇ ਮਿਸਲ ਸਤਲੁਜ ਵਲੋਂ ਚਲਾਈ ਜਾ ਰਹੀ ਪੂਰਾ ਪੰਜਾਬ ਲਹਿਰ ਨੂੰ ਮਾਲਵਾ ਖੇਤਰ ਵਿਚ ਵੱਡਾ ਹੁੰਗਾਰਾ ਮਿੱਲ ਰਿਹਾ ਹੈ | ਇਸੇ ਤਹਿਤ ਗੁਰਦੁਆਰਾ ਜ਼ਾਮਨੀ ਸਾਹਿਬ ਬਾਜੀਦਪੁਰ ਵਿਖੇ ਦਵਿੰਦਰ ਸਿੰਘ ਸੇਖੋਂ ਸਕੱਤਰ ਜਨਰਲ ਮਿਸਲ ਸਤਲੁਜ ਅਤੇ ਮਾਨ ਸਿੰਘ ਕਿੱਲੀ ਪ੍ਰਧਾਨ ਯੂਥ ਵਿੰਗ ਦੀ ਅਗਵਾਈ ਹੇਠ ਲਗਾਏ ਗਏ ਜਨਤਕ ਦਸਤਖ਼ਤ ਕੈਂਪ ਦੌਰਾਨ ਵੱਡੀ ਗਿਣਤੀ ਵਿਚ ਪੰਜਾਬ ਹਿਤੈਸ਼ੀ ਲੋਕਾਂ ਨੇ ਹਿੱਸਾ ਲਿਆ | ਕੈਂਪ ਦੌਰਾਨ ਤਿੰਨ ਹਜ਼ਾਰ ਤੋਂ ਵੱਧ ਲੋਕਾਂ ਨੇ ਪਟੀਸ਼ਨ ਉੱਪਰ ਆਪਣੇ ਦਸਤਖ਼ਤ ਕਰਕੇ ਪੂਰਾ ਪੰਜਾਬ ਲਹਿਰ ਨਾਲ ਆਪਣਾ ਸਮਰਥਨ ਦਰਜ ਕਰਵਾਇਆ | ਇਸ ਮੌਕੇ ਲੋਕਾਂ ਵਿਚ ਪੰਜਾਬ ਦੇ ਅਧਿਕਾਰਾਂ ਅਤੇ ਭਵਿੱਖ ਨੂੰ ਲੈ ਕੇ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ | ਇਸ ਮੌਕੇ ਕਰਨੈਲ ਸਿੰਘ ਭਾਵੜਾ (ਸਾਬਕਾ ਚੇਅਰਮੈਨ ਮਾਰਕੀਟ ਕਮੇਟੀ), ਗੁਰਬੀਰ ਸਿੰਘ ਬੱਬੂ ਖੋਸਾ, ਸਰਬਜੀਤ ਸਿੰਘ ਕੋਟਕਰੋੜ, ਗੁਰਜੰਟ ਸਿੰਘ ਕਿੱਲੀ, ਜਸ਼ਨਪ੍ਰੀਤ ਸਿੰਘ ਕਿਲਚੇ, ਗੁਰਵਿੰਦਰ ਸਿੰਘ ਡਰੋਲੀ ਭਾਈ ਅਤੇ ਗੁਰਪਿੰਦਰ ਸਿੰਘ ਕਿਲਚੇ ਸਮੇਤ ਕਈ ਹੋਰ ਪੰਥਕ ਅਤੇ ਪੰਜਾਬ ਹਿਤੈਸ਼ੀ ਵਿਅਕਤੀਆਂ ਨੇ ਵੀ ਆਪਣਾ ਯੋਗਦਾਨ ਦਿੱਤਾ |