ਜ਼ੀਰਾ, 9 ਮਾਰਚ(ਰਜਨੀਸ਼ ਕਥੂਰੀਆ)-ਵਿਧਾਨ ਸਭਾ ਹਲਕਾ ਜ਼ੀਰਾ ਦੇ ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਕਾਂਗਰਸੀ ਸਰਪੰਚ ਅਤੇ ਮੈਂਬਰ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਭਾਜਪਾ ਵਲੋਂ ਸਿਰਪਾਓ ਦਿੱਤਾ ਗਿਆ ਸੀ, ਨੇ ਅੱਜ ਜ਼ੀਰਾ ਨਿਵਾਸ 'ਤੇ ਪਹੁੰਚ ਕੇ ਐਲਾਨ ਕੀਤਾ ਹੈ ਕਿ ਉਹ ਕਾਂਗਰਸੀ ਹਨ ਅਤੇ ਕਾਂਗਰਸੀ ਹੀ ਰਹਿਣਗੇ | ਦੱਸ ਦੇਈਏ ਕਿ ਕਾਂਗਰਸੀ ਸਰਪੰਚ ਗੁਰਪ੍ਰੀਤ ਕੌਰ, ਮੈਂਬਰ ਪੰਚਾਇਤ ਗੁਰਮੀਤ ਸਿੰਘ ਅਤੇ ਪ੍ਰੀਤਮ ਸਿੰਘ ਪਿੰਡ ਵਾੜਾ ਚੈਨ ਸਿੰਘ ਵਾਲਾ ਦੇ ਭਾਰਤੀ ਜਨਤਾ ਪਾਰਟੀ 'ਚ ਸ਼ਾਮਲ ਹੋਣ ਵੀਆਂ ਚਰਚਾਵਾਂ ਚੱਲੀਆਂ ਸਨ ਜਿਨ੍ਹਾਂ ਦਾ ਅੱਜ ਉਕਤ ਕਾਂਗਰਸੀ ਸਰਪੰਚ ਅਤੇ ਮੈਂਬਰਾਂ ਨੇ ਸਿੱਧੇ ਤੌਰ 'ਤੇ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਵੱਲੋਂ ਧੋਖੇ ਨਾਲ ਇਕ ਮੀਟਿੰਗ 'ਚ ਬੁਲਾ ਕੇ ਸਿਰਪਾਓ ਦਿੱਤਾ ਗਿਆ ਸੀ | ਉਨ੍ਹਾਂ ਕਿਹਾ ਕਿ ਉਹ ਸ਼ੁਰੂ ਤੋਂ ਹੀ ਕਾਂਗਰਸ ਪਾਰਟੀ ਦੇ ਸਿਪਾਹੀ ਹਨ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ | ਉਨ੍ਹਾਂ ਕਿਹਾ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਅਗਵਾਈ 'ਚ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਹਮੇਸ਼ਾ ਵਚਨਬੱਧ ਹਨ ਅਤੇ ਆਗਾਮੀ ਚੋਣਾਂ ਵਿਚ ਵੀ ਕਾਂਗਰਸ ਪਾਰਟੀ ਦੇ ਹੱਕ ਵਿਚ ਲੋਕਾਂ ਨੂੰ ਲਾਮਬੰਦ ਕਰ ਰਹੇ ਹਨ | ਇਸ ਮੌਕੇ ਸਾਬਕਾ ਵਿਧਾਇਕ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫਿਰੋਜ਼ਪੁਰ ਦੇ ਪ੍ਰਧਾਨ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਲਗਾਤਾਰ ਹੋ ਰਹੀ ਮਜ਼ਬੂਤੀ ਤੋਂ ਵਿਰੋਧੀ ਬੌਖਲਾਹਟ ਵਿਚ ਆ ਕੇ ਅਜਿਹੀਆਂ ਘਟੀਆ ਚਾਲਾਂ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਜਿੰਨਾਂ ਵਿਕਾਸ ਜ਼ੀਰਾ ਹਲਕੇ ਦਾ ਕਰਵਾਇਆ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਹੈ ਅਤੇ ਲੋਕ ਵੀ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਖ਼ੁਸ਼ ਹਨ | ਉਨ੍ਹਾਂ ਕਿਹਾ ਕਿ ਬਦਲਾਅ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ, ਅਕਾਲੀ ਦਲ ਅਤੇ ਭਾਜਪਾ ਦੀਆਂ ਮਾਰੂ ਨੀਤੀਆਂ ਤੋਂ ਜ਼ੀਰਾ ਹਲਕੇ ਦੇ ਲੋਕ ਭਲੀਭਾਂਤ ਜਾਣੂੰ ਹੋ ਚੁੱਕੇ ਹਨ ਅਤੇ ਆਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਜ਼ੀਰਾ ਵਿਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ | ਇਸ ਮੌਕੇ 'ਤੇ ਕਰਮਜੀਤ ਸਿੰਘ ਸਰਪੰਚ, ਬਲਜਿੰਦਰ ਸਿੰਘ, ਗੁਰਜੀਤ ਸਿੰਘ ਅਤੇ ਕੁਲਚਰਨ ਸਿੰਘ ਆਦਿ ਹਾਜ਼ਰ ਸਨ |