ਜ਼ੀਰਾ, 9 ਮਾਰਚ(ਰਜਨੀਸ਼ ਕਥੂਰੀਆ)-ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਲਹਿਰਾ ਰੋਹੀ ਜ਼ੀਰਾ ਦਾ ਉਦਘਾਟਨ ਹਲਕਾ ਜ਼ੀਰਾ ਦੇ ਵਿਧਾਇਕ ਨਰੇਸ਼ ਕਟਾਰੀਆ ਅਤੇ ਰੇਵ. ਫਾ. ਥੋਮਸ ਕੀਪਰਾਥ ਨੇ ਬਤੌਰ ਮੁੱਖ ਮਹਿਮਾਨ ਸਾਂਝੇ ਤੌਰ 'ਤੇ ਕੀਤਾ | ਇਸ ਮੌਕੇ 'ਤੇ ਸ਼ਮਿੰਦਰ ਸਿੰਘ ਖਿੰਡਾ ਚੇਅਰਮੈਨ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਅਤੇ ਮਲਕੀਤ ਸਿੰਘ ਥਿੰਦ, ਚੇਅਰਮੈਨ ਬੀ.ਸੀ. ਕਮਿਸ਼ਨ ਪੰਜਾਬ, ਵਿਸ਼ੇਸ਼ ਮਹਿਮਾਨ ਵਜੋਂ ਸਮਾਰੋਹ ਵਿਚ ਪਹੁੰਚੇ | ਇਸ ਸਮਾਗਮ ਵਿਚ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰ ਤੋਂ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਿਰਕਤ ਕੀਤੀ | ਸਮਾਗਮ ਦੀ ਸ਼ੁਰੂਆਤ ਰਵਾਇਤੀ ਢੰਗ ਨਾਲ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ | ਇਸ ਮੌਕੇ ਮੁੱਖ ਮਹਿਮਾਨਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਪੌਦੇ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਤੋਂ ਬਾਅਦ ਸਕੂਲ ਦੇ ਬੱਚਿਆਂ ਵਲੋਂ ਰੰਗਾਰੰਗ ਸਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ | ਸਮਾਰੋਹ ਦੌਰਾਨ ਪਹੁੰਚੇ ਮਹਿਮਾਨਾਂ ਅਤੇ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸਕੂਲ ਦੇ ਆਧੁਨਿਕ ਅਤੇ ਵਿਸ਼ਵ-ਪੱਧਰੀ ਢਾਂਚੇ ਦੀ ਸ਼ਲਾਘਾ ਕੀਤੀ | ਮੁੱਖ ਮਹਿਮਾਨਾਂ ਨੇ ਆਪਣੇ ਸੰਬੋਧਨ ਦੌਰਾਨ ਆਸ-ਪਾਸ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਦਾਖਲਾ ਸੇਂਟ ਜੋਸਫ਼ਜ਼ ਕਾਨਵੈਂਟ ਸਕੂਲ ਵਿਚ ਕਰਵਾਉਣ, ਤਾਂ ਜੋ ਉਹ ਇੱਥੇ ਉਪਲਬਧ ਆਧੁਨਿਕ ਸਿੱਖਿਆ ਅਤੇ ਸਹੂਲਤਾਂ ਦਾ ਲਾਭ ਲੈ ਕੇ ਆਪਣਾ ਭਵਿੱਖ ਉੱਜਵਲ ਬਣਾ ਸਕਣ | ਇਸ ਮੌਕੇ ਉਨ੍ਹਾਂ ਨੇ ਸੈਮੂਅਲ ਜਾਨ ਦੇ ਦੂਰਦਰਸ਼ੀ ਵਿਚਾਰ, ਉਤਕਿ੍ਸ਼ਟ ਡਿਜ਼ਾਇਨ ਅਤੇ ਸਕੂਲ ਦੀ ਇਮਾਰਤ ਅਤੇ ਪੂਰੇ ਕੈਂਪਸ ਦੇ ਵਿਕਾਸ ਵਿਚ ਕੀਤੀ ਗਈ | ਉਨ੍ਹਾਂ ਦੀ ਮਿਹਨਤ ਦੀ ਵੀ ਪ੍ਰਸ਼ੰਸਾ ਕੀਤੀ | ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਸੋਚ ਅਤੇ ਸਮਰਪਣ ਨਾਲ ਹੀ ਅਜਿਹੀਆਂ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਸੰਭਵ ਹੁੰਦੀ ਹੈ ਜੋ ਆਧੁਨਿਕ ਅਤੇ ਅੰਤਰਰਾਸ਼ਟਰੀ ਮਿਆਰਾਂ ਨੂੰ ਪੂਰਾ ਕਰ ਸਕਣ | ਸਮਾਰੋਹ ਦੇ ਅੰਤ ਵਿਚ ਸਾਰੇ ਮਹਿਮਾਨਾਂ, ਮਾਪਿਆਂ ਅਤੇ ਹਾਜ਼ਰ ਲੋਕਾਂ ਦਾ ਧੰਨਵਾਦ ਕੀਤਾ ਗਿਆ | ਜਿਨ੍ਹਾਂ ਨੇ ਇਸ ਸਮਾਰੋਹ ਵਿਚ ਸ਼ਾਮਲ ਹੋ ਕੇ ਸਕੂਲ ਦੇ ਉਦੇਸ਼ ਨੂੰ ਹੋਰ ਮਜ਼ਬੂਤ ਕੀਤਾ |